ਮਲਸੀਆਂ, 3 ਨਵੰਬਰ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ 'ਚ ਸਕੂਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਸਕੂਲ ਪਿ੍ੰਸੀਪਲ ਸ੍ਰੀਮਤੀ ਰਜਨੀ ਬਾਲਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਤੀਸਰੇ 7 ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਕਰਵਾਈ ਗਈ, ਉਪਰੰਤ ਸਾਰਿਆਂ ਨੇ ਸਾਵਧਾਨ ਖੜੇ੍ਹ ਹੋ ਕੇ ਐੱਨ.ਐੱਸ.ਐੱਸ ਗੀਤ ਨੂੰ ਰਲ-ਮਿਲ ਕੇ ਗਾਇਆ | ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਕੈਂਪ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਦੋ ਟੀਮਾਂ ਵਿੱਚ ਵੰਡਿਆ ਗਿਆ | ਇਕ ਟੀਮ ਸਕੂਲ ਅਧਿਆਪਕ ਲਵੀਸ਼ ਜੋਸ਼ੀ ਤੇ ਸ਼੍ਰੀਮਤੀ ਰੂਬੀ ਦੀ ਅਗਵਾਈ ਵਿਚ ਪਿੰਡ ਮੱਲ੍ਹੀਵਾਲ ਜਾਵੇਗੀ | ਦੂਸਰੀ ਟੀਮ ਸਕੂਲ ਅਧਿਆਪਕ ਸੌਰਵ ਦਾਦਰੀਆ ਅਤੇ ਵਰੁਣ ਸ਼ਰਮਾ ਦੀ ਦੇਖ-ਰੇਖ ਵਿਚ ਸਕੂਲ ਵਿਚ ਹੀ ਰਹੇਗੀ | ਅਗਲੇ ਸੱਤ ਦਿਨਾਂ ਤੱਕ ਦੋਨੋਂ ਟੀਮਾਂ ਵੱਲੋਂ ਸਮਾਜ ਸੁਧਾਰ, ਵਾਤਾਵਰਨ ਜਾਗਰੂਕਤਾ ਤੇ ਸਫ਼ਾਈ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਹਰ ਰੋਜ਼ ਬੱਚਿਆਂ ਲਈ ਖ਼ਾਸ ਐਕਟੀਵਿਟੀਆਂ ਵੀ ਕਰਵਾਈਆਂ ਜਾਣਗੀਆਂ | ਇਸ ਮੌਕੇ ਰਾਜਵੀਰ ਕੌਰ ਨੇ ਸਟੇਜ ਦੀ ਕਾਰਵਾਈ ਚਲਾਈ ਜਦ ਕਿ ਸੰਦੀਪ ਕੌਰ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕਰਵਾਈ | ਪ੍ਰੋਗਰਾਮ ਵਿਚ ਵਾਈਸ ਪਿ੍ੰਸੀਪਲ ਸ਼੍ਰੀਮਤੀ ਬਲਜੀਤ ਕੌਰ, ਪੰਕਜਜੀਤ ਕੌਰ, ਕਿਰਨ ਦੇਵਗੁਣ, ਡੀ.ਪੀ.ਈ ਅਧਿਆਪਕ ਰਾਕੇਸ਼ ਕੁਮਾਰ, ਮਨਜੋਤ ਸਿੰਘ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |