ਮਲਸੀਆਂ ਰੇਲਵੇ ਸਟੇਸ਼ਨ 'ਤੇ ਧਰਨਾ ਦੇ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਸਮੇਤ 40 ਕਿਸਾਨ ਪੁਲਿਸ ਨੇ ਹਿਰਾਸਤ 'ਚ ਲਏ
ਅਜੀਤ ਡੈਸਕ
06-12-2025
ਮਲਸੀਆਂ/ਸ਼ਾਹਕੋਟ, 5 ਦਸੰਬਰ (ਸੁਖਦੀਪ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸਹਿਯੋਗੀ ਜਥੇਬੰਦੀਆਂ ਦੇ ਪੰਜਾਬ 'ਚ ਅੱਜ 2 ਘੰਟੇ ਵਾਸਤੇ ਰੇਲਾਂ ਰੋਕਣ ਦੇ ਸੱਦੇ ਤਹਿਤ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ 'ਚ ਮਲਸੀਆਂ (ਸ਼ਾਹਕੋਟ) ਰੇਲਵੇ ਸਟੇਸ਼ਨ 'ਤੇ ਕਿਸਾਨਾਂ-ਮਜ਼ਦੂਰਾਂ ਵਲੋਂ ਪਟੜੀ 'ਤੇ ਬੈਠ ਕੇ ਧਰਨਾ ਦਿੱਤਾ ਗਿਆ | ਇਸ ਦੌਰਾਨ ਸ਼ਾਹਕੋਟ ਦੇ ਡੀ.ਐਸ.ਪੀ. ਸੁਖਪਾਲ ਸਿੰਘ ਦੀ ਅਗਵਾਈ ਹੇਠ ਪੁੱਜੀ ਭਾਰੀ ਫੋਰਸ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ | ਕਿਸਾਨਾਂ ਵਲੋਂ ਧਰਨਾ ਨਾ ਚੁੱਕਣ 'ਤੇ ਆਖਿਰਕਾਰ ਡੀ. ਐਸ. ਪੀ. ਨਕੋਦਰ ਉਂਕਾਰ ਸਿੰਘ ਬਰਾੜ ਤੇ ਡੀ. ਐਸ. ਪੀ. ਸ਼ਾਹਕੋਟ ਸੁਖਪਾਲ ਸਿੰਘ ਵਲੋਂ ਭਾਰੀ ਫੋਰਸ ਸਮੇਤ ਜਥੇਬੰਦੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਸਮੇਤ 40 ਦੇ ਕਰੀਬ ਕਿਸਾਨਾਂ ਨੂੰ ਗਿ੍ਫ਼ਤਾਰ ਕਰਕੇ ਸ਼ਾਹਕੋਟ ਥਾਣੇ ਲਿਆਂਦਾ ਗਿਆ ਅਤੇ ਸ਼ਾਮ ਸਮੇਂ ਰਿਹਾਅ ਕੀਤਾ ਗਿਆ | ਰਿਹਾਅ ਹੋਣ ਉਪਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਨੇ ਕਿਹਾ ਕਿ ਹੱਕੀ ਮੰਗਾਂ ਜਿੰਨ੍ਹਾਂ 'ਚ ਚਿੱਪ ਵਾਲੇ ਮੀਟਰਾਂ ਦਾ ਵਿਰੋਧ, ਹੜ੍ਹਾਂ ਦੌਰਾਨ ਕਿਸਾਨ-ਮਜ਼ਦੂਰਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ, ਸ਼ੰਭੂ-ਖਨੌਰੀ ਬਾਰਡਰ 'ਤੇ ਕਿਸਾਨਾਂ ਦੀ ਹੋਈ ਲੁੱਟ ਦੀ ਸਰਕਾਰ ਵਲੋਂ ਭਰਪਾਈ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਮਲਸੀਆਂ ਰੇਲਵੇ ਸਟੇਸ਼ਨ 'ਤੇ 2 ਘੰਟੇ ਵਾਸਤੇ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਧੱਕੇ ਨਾਲ ਚੁੱਕ ਲਿਆ |
ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਸਰਕਾਰੀ ਜਬਰ ਵਿਰੁੱਧ ਆਉਣ ਵਾਲੇ ਦਿਨਾਂ 'ਚ ਸਾਰਿਆਂ ਨੂੰ ਘਰਾਂ 'ਚੋਂ ਨਿਕਲਣਾ ਪਵੇਗਾ | ਜੇਕਰ ਨਹੀਂ ਨਿਕਲੇ ਤਾਂ ਸਰਕਾਰ ਤੇ ਪ੍ਰਸ਼ਾਸਨ ਵਲੋਂ ਹੱਕ ਮੰਗਦੇ ਲੋਕਾਂ ਦੀ ਆਵਾਜ਼ ਦਬਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਨੇ ਕਿਹਾ ਕਿ ਪਹਿਲਾਂ ਇਹ ਸੰਘਰਸ਼ ਜਲੰਧਰ ਕੈਂਟ ਵਿਖੇ ਕੀਤਾ ਜਾਣਾ ਸੀ, ਪਰ ਸਰਕਾਰ ਦੇ ਹੁਕਮਾਂ 'ਤੇ ਪ੍ਰਸ਼ਾਸਨ ਨੇ ਘਰਾਂ 'ਚ ਛਾਪੇਮਾਰੀ ਕਰਕੇ ਸਾਡੇ ਸੰਘਰਸ਼ ਨੂੰ ਕੁਚਲਨ ਦੀ ਪੂਰੀ ਕੋਸ਼ਿਸ਼ ਕੀਤੀ | ਅੱਜ ਮਲਸੀਆਂ ਸਟੇਸ਼ਨ 'ਤੇ ਸ਼ਾਂਤਮਈ ਧਰਨੇ ਦੌਰਾਨ ਪ੍ਰਸ਼ਾਸਨ ਨੇ ਪੂਰੀ ਧੱਕੇਸ਼ਾਹੀ ਕੀਤੀ | ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਹਰੇਕ ਵਿਅਕਤੀ ਇੱਕ-ਦੂਸਰੇ ਨਾਲ ਜੁੜ ਕੇ ਸਰਕਾਰੀ ਜਬਰ ਦਾ ਟਾਕਰਾ ਕਰੇ |