ਸ਼ਾਹਕੋਟ, 5 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ 11ਵਾਂ ਸਾਲਾਨਾ ਸਮਾਰੋਹ 'ਇਲਿਸਿਯਮ' ਦੇ ਸਿਰਲੇਖ ਹੇਠ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਤੇ ਡਾਇਰੈਕਟਰ ਅਨਮੋਲ ਸਿੰਘ ਦੀ ਅਗਵਾਈ ਤੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੇ ਪਹਿਲੇ ਦਿਨ ਡੀ.ਐੱਸ.ਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਮੁੱਖ ਮਹਿਮਾਨ ਜਦ ਕਿ ਐੱਸ.ਐੱਚ.ਓ ਸ਼ਾਹਕੋਟ ਇੰਸ: ਬਲਵਿੰਦਰ ਸਿੰਘ ਭੁੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਆਏ ਹੋਏ ਮਹਿਮਾਨਾਂ ਤੇ ਪ੍ਰਬੰਧਕਾਂ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ | ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਤੋਂ ਬਾਅਦ ਸਟੇਜ ਪ੍ਰੋਗਰਾਮ ਆਰੰਭ ਹੋਇਆ | ਸਵਾਗਤੀ ਭਾਸ਼ਨ ਮਨਰੂਪ ਸਿੰਘ ਅਤੇ ਜਸਕੀਰਤ ਕੌਰ ਨੇ ਦਿੱਤਾ | ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਸਾਲ ਦੌਰਾਨ ਕੀਤੀਆਂ ਵੱਖ-ਵੱਖ ਗਤੀਵਿਧੀਆਂ ਤੇ ਪ੍ਰਾਪਤ ਇਨਾਮਾਂ ਦੀ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਦੀਆਂ ਉਪਲਬਧੀਆਂ ਇਕ ਸਕ੍ਰੀਨ ਪ੍ਰੇਜ਼ੈਂਟੇਸ਼ਨ ਰਾਹੀਂ ਦਰਸਾਈਆਂ ਗਈਆਂ | ਮੁੱਖ ਮਹਿਮਾਨ ਡੀ.ਐੱਸ.ਪੀ ਸੁਖਪਾਲ ਸਿੰਘ ਤੇ ਪ੍ਰਧਾਨ ਡਾ. ਨਰੋਤਮ ਸਿੰਘ ਵਲੋਂ ਵੱਖ-ਵੱਖ ਖੇਤਰਾਂ 'ਚੋਂ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ ਇਨਾਮ ਦੇ ਕੇ ਕੀਤਾ ਗਿਆ | ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਈਲੈਂਡ ਮਿਊਜ਼ਿਕ, ਡੋਨਜ਼ੋ ਰੀਮਿਕਸ, ਟੋਕਾ-ਟੋਕਾ, ਤੁਜਮੇ ਰੱਬ, ਪਾਰਟੀ ਟੁਨਾਈਟ 'ਤੇ ਹੋਰ ਸੰਗੀਤਾਂ 'ਤੇ ਵੱਖ-ਵੱਖ ਨਾਚ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਹਆ | ਇਸ ਤੋਂ ਇਲਾਵਾ ਜਮਾਤ ਤੀਸਰੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਗੁਰਮੁਖੀ, ਤਾਰੇ ਜ਼ਮੀਨ ਪਰ ਤੇ ਘੂਮਰ ਸੰਗੀਤਾਂ 'ਤੇ ਪੇਸ਼ਕਾਰੀਆਂ ਕੀਤੀਆਂ | ਲੜਕੀਆਂ ਵਲੋਂ ਪੇਸ਼ ਕੀਤਾ ਗਿਆ ਗਿੱਧਾ ਆਕਰਸ਼ਿਤ ਰਿਹਾ | ਡੀ.ਐੱਸ.ਪੀ ਸੁਖਪਾਲ ਸਿੰਘ ਨੇ ਕਿਹਾ ਕਿ ਇਹ ਬੱਚੇ ਦੇਸ਼ ਦਾ ਭਵਿੱਖ ਹਨ, ਇਨ੍ਹਾਂ ਨੇ ਹੀ ਸਮਾਜ ਨੂੰ ਸਿਰਜਣਾ ਹੈ | ਸਕੂਲ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਸਮਾਰੋਹ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ | ਕਰਮਨਜੋਤ ਕੌਰ ਤੇ ਜੈਸਮੀਨ ਨੇ ਸਮਾਰੋਹ ਲਈ ਐਂਕਰ ਦੀ ਭੂਮਿਕਾ ਨਿਭਾਈ | ਇਸ ਮੌਕੇ ਬੀ.ਪੀ.ਈ.ਓ. ਸ਼ਾਹਕੋਟ-1 ਨਿਰਮਲ ਸਿੰਘ ਗਿੱਦੜਪਿੰਡੀ, ਪ੍ਰੋ: ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਮਿਨਾਕਸ਼ੀ ਅਰੋੜਾ ਸਮਾਜ ਸੇਵਿਕਾ, ਚਰਨਜੀਤ ਸਿੰਘ ਕੋਆਰਡੀਨੇਟਰ, ਬੀਬੀ ਹਰਦੀਪ ਕੌਰ ਮਲਸੀਆਂ ਆਦਿ ਹਾਜ਼ਰ ਸਨ |