ਜਲੰਧਰ, 5 ਦਸੰਬਰ (ਜਸਪਾਲ ਸਿੰਘ, ਚੰਦੀਪ ਭੱਲਾ)-ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ ਬਲਾਕ ਸੰਮਤੀਆਂ ਦੇ 188 ਜ਼ੋਨਾਂ ਲਈ 14 ਦਸੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਤੇ ਬਲਾਕ ਸੰਮਤੀਆਂ ਲਈ 745 ਉਮੀਦਵਾਰਾਂ ਵਲੋਂ ਵੱਖ-ਵੱਖ ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਸਨ, ਜਿਨ੍ਹਾਂ ਦੀ ਅੱਜ ਪੜਤਾਲ ਕੀਤੀ ਗਈ | ਪੜਤਾਲ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਲਈ ਸਾਰੇ 114 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਰੁੱਸਤ ਪਾਏ ਗਏ, ਜਦਕਿ ਬਲਾਕ ਸੰਮਤੀਆਂ ਦੇ 745 ਉਮੀਦਵਾਰਾਂ 'ਚੋਂ 8 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਤੇ ਇਸ ਤਰ੍ਹਾਂ ਬਲਾਕ ਸੰਮਤੀਆਂ ਲਈ ਹੁਣ 737 ਉਮੀਦਵਾਰ ਚੋਣ ਮੈਦਾਨ 'ਚ ਹਨ | ਹਾਲਾਂਕਿ ਅਸਲ ਸਥਿਤੀ 6 ਦਸੰਬਰ ਨੂੰ ਨਾਮਜ਼ਦਗੀਆਂ ਵਾਪਿਸ ਲਏ ਜਾਣ ਤੋਂ ਬਾਅਦ ਹੀ ਸਾਫ ਹੋ ਸਕੇਗੀ | ਇੱਥੇ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਨਾਮਜ਼ਦਗੀਆਂ ਦੇ ਆਖਰੀ ਦਿਨ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 109 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਭਰੇ ਉੱਥੇ ਬਲਾਕ ਸੰਮਤੀਆਂ ਲਈ 659 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ | ਪੰਚਾਇਤ ਸੰਮਤੀ ਰੁੜਕਾਂ ਕਲਾਂ ਲਈ ਕੁੱਲ 56, ਜਲੰਧਰ ਈਸਟ ਲਈ 54, ਜਲੰਧਰ ਪੱਛਮੀ ਲਈ 66, ਨੂਰਮਹਿਲ ਲਈ 68, ਲੋਹੀਆਂ ਖਾਸ ਲਈ 46, ਸ਼ਾਹਕੋਟ ਲਈ 73, ਨਕੋਦਰ ਲਈ 79, ਮਹਿਤਪੁਰ ਲਈ 56, ਆਦਮਪੁਰ ਲਈ 85, ਭੋਗਪੁਰ ਲਈ 64 ਤੇ ਫਿਲੌਰ ਪੰਚਾਇਤ ਸੰਮਤੀ ਲਈ 88 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਮੀਦਵਾਰ 6 ਦਸੰਬਰ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਦੇ ਹਨ | ਵੋਟਾਂ ਪਾਉਣ ਦਾ ਅਮਲ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਹੋਵੇਗਾ ਤੇ ਇਹ ਵੋਟਾਂ ਬੈਲਟ ਪੇਪਰਾਂ 'ਤੇ ਪੈਣਗੀਆਂ | ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਮੀਦਵਾਰਾਂ ਵਲੋਂ ਪੂਰੀ ਤਰ੍ਹਾਂ ਨਾਲ ਚੋਣ ਸਰਗਰਮੀਆਂ ਸ਼ਨਿਚਰਵਾਰ ਨੂੰ ਨਾਮਜ਼ਦਗੀਆਂ ਵਾਪਿਸ ਲੈਣ ਤੋਂ ਬਾਅਦ ਹੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ | ਹਾਲਾਂਕਿ ਆਮ ਲੋਕਾਂ ਅੰਦਰ ਇਨ੍ਹਾਂ ਚੋਣਾਂ ਨੂੰ ਲੈ ਕੇ ਕੋਈ ਬਹੁਤੀ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਪਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਪਿੰਡਾਂ ਅੰਦਰ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ 'ਚ ਚੋਣ ਸਰਗਰਮੀ ਆਪਣੀ ਰਫਤਾਰ ਫੜਦੀ ਨਾਜ਼ਰ ਆ ਸਕਦੀ ਹੈ |