ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਪੰਜਾਬ ਪੁਲਿਸ ਨੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਵਲੋਂ ਰੇਲਾਂ ਰੋਕਣ ਦਾ ਪ੍ਰੋਗਰਾਮ ਅੱਜ ਨਾਕਾਮ ਕਰ ਦਿੱਤਾ | ਇਸ ਦੌਰਾਨ ਪੁਲਿਸ ਨੇ ਜਿੱਥੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਰੇਲਾਂ ਰੋਕਣ ਪੁੱਜੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ, ਉੱਥੇ ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਤੇ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਸਮੇਤ ਕਈ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਉਨ੍ਹਾਂ ਦੇ ਘਰਾਂ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ | ਹਾਲਾਂਕਿ ਹਿਰਾਸਤ 'ਚ ਲਏ ਗਏ ਕਿਸਾਨ ਆਗੂਆਂ ਨੂੰ ਪੁਲਿਸ ਵਲੋਂ ਦੇਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਇਸ ਤੋਂ ਪੁਲਿਸ ਵਲੋਂ ਇਨ੍ਹਾਂ ਆਗੂਆਂ ਨੂੰ ਇਕ ਬੱਸ ਰਾਹੀਂ ਥਾਣਾ ਡਵੀਜ਼ਨ ਨੰਬਰ ਇਕ ਵਿਖੇ ਰੱਖਿਆ ਗਿਆ | ਇੱਥੇ ਦੱਸਣਯੋਗ ਹੈ ਕਿ ਕਿਸਾਨਾਂ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਨਾਕਾਮ ਕਰਨ ਲਈ ਪੁਲਿਸ ਵਲੋਂ ਸਵੇਰ ਤੋਂ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਆਸ-ਪਾਸ ਦੇ ਖੇਤਰਾਂ 'ਚ ਸਖਤ ਨਾਕੇਬੰਦੀ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਬੀ. ਕੇ. ਯੂ. ਦੁਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਬੀ. ਕੇ. ਯੂ. ਬਹਿਰਾਮਕੇ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਿਸਾਨ ਰੇਲਵੇ ਸਟੇਸ਼ਨ ਤੱਕ ਪੁੱਜਣ 'ਚ ਸਫਲ ਰਹੇ | ਕਿਸਾਨ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਸਨ ਤੇ ਅੱਜ ਦਾ ਇਹ ਰੇਲ ਰੋਕਣ ਦਾ ਸੱਦਾ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਦਿੱਤਾ ਗਿਆ ਸੀ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਬਿਜਲੀ ਸੋਧ ਐਕਟ 2025 ਦੇ ਅਨੁਸਾਰ ਬਿਜਲੀ ਬੋਰਡ ਵੇਚਿਆ ਜਾ ਰਿਹਾ ਜੋ ਕਿ ਲੋਕਾਂ ਦੇ ਹੱਕਾਂ 'ਤੇ ਚਿੱਟੇ ਦਿਨ ਡਾਕਾ ਮਾਰਨ ਵਾਲੀ ਗੱਲ | ਦੂਜੇ ਪਾਸੇ ਸੰਭੂ ਤੇ ਖਨੌਰੀ ਬਾਰਡਰਾਂ 'ਤੇ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਕੁਚਲਿਆ ਹੀ ਨਹੀਂ ਗਿਆ, ਸਗੋਂ ਕਿਸਾਨਾਂ ਦੀਆਂ ਟਰਾਲੀਆਂ, ਗੈਸ ਸਿਲੰਡਰ, ਏਸੀ, ਗੱਦੇ, ਬਰਤਨ, ਪੱਖੇ, ਕੂਲਰ, ਮੰਜੇ ਆਦਿ ਸਮਾਨ ਸਾਰਾ ਖੁਰਦ ਬੁਰਦ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਖੁਰਦ ਬੁਰਦ ਕੀਤੇ ਗਏ ਸਾਮਾਨ ਦੀ ਭਰਪਾਈ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀ ਵਲੋਂ ਦੋ ਘੰਟੇ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ, ਜਿਸ ਨੂੰ ਜਲੰਧਰ 'ਚ ਪੁਲਿਸ ਵਲੋਂ ਨਾਕਾਮ ਕਰ ਦਿੱਤਾ ਗਿਆ | ਇਸ ਮੌਕੇ ਹਿਰਾਸਤ 'ਚ ਲਏ ਆਗੂਆਂ 'ਚ ਬਲਵਿੰਦਰ ਸਿੰਘ ਸਾਬੀ, ਹਰਮਿੰਦਰ ਸਿੰਘ ਰਾਣਾ ਮੁਠੱਡਾਂ, ਤੇਜਾ ਸਿੰਘ ਢੇਸੀ, ਕੁਲਦੀਪ ਸਿੰਘ ਜਗਜੀਤਪੁਰ, ਗੁਰਦੀਪ ਸਿੰਘ ਲੱਖਪੁਰ, ਗੁਰਜੀਤ ਸਿੰਘ ਲਾਲੀ, ਦਵਿੰਦਰ ਸਿੰਘ ਮਠਾੜੂ, ਮਨਜਿੰਦਰ ਸਿੰਘ, ਨਵਦੀਪ ਸਿੰਘ, ਗੁਰਜੀਤ ਸਿੰਘ ਗੁਰੀ, ਲਖਵੀਰ ਸੈਣੀ, ਜਗਦੀਪ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਸਰਪੰਚ ਆਲੋਵਾਲ, ਜਸਪਾਲ ਸਿੰਘ ਈਸ਼ਰਵਾਲ, ਭਜਨ ਸਿੰਘ ਪੰਚ, ਸੁਲੱਖਣ ਸਿੰਘ ਨੰਗਲ, ਦਵਿੰਦ ਸਿੰਘ, ਮਨਜਿੰਦਰ ਸਿੰਘ ਤੇ ਹੋਰ ਆਗੂ ਵੀ ਸ਼ਾਮਿਲ ਹਨ |