ਜਲੰਧਰ, 18 ਦਸੰਬਰ (ਐੱਮ. ਐੱਸ. ਲੋਹੀਆ)-ਮੁਹੱਲਾ ਗੋਪਾਲ ਨਗਰ ਵਿਖੇ ਨਵੀਂ ਉਸਾਰੀ ਗਈ ਕੋਠੀ 'ਚੋਂ ਕਿਸੇ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ | ਕੋਠੀ ਦੇ ਮਾਲਕ ਲਲਿਤ ਗੁਪਤਾ ਵਲੋਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਵਲੋਂ ਆਪਣੇ ਰਹਿਣ ਲਈ ਕੋਠੀ ਦੀ ਉਸਾਰੀ ਕਰਵਾਈ ਗਈ ਹੈ, ਜਿਸ ਦਾ ਰਹਿੰਦਾ ਕੁਝ ਕੰਮ ਮੁਕੰਮਲ ਕਰਵਾਉਣ ਲਈ ਉਨ੍ਹਾਂ ਵਲੋਂ ਠੇਕੇਦਾਰ ਲਗਾਏ ਗਏ ਹਨ | ਉਸ ਦੇ ਪਿਤਾ ਰੋਜ਼ਾਨਾ ਸਵੇਰ ਤੋਂ ਸ਼ਾਮ ਤੱਕ ਕੋਠੀ 'ਚ ਰਹਿੰਦਾ ਹੈ ਅਤੇ ਚੱਲ ਰਹੇ ਕੰਮ ਦੀ ਨਿਗਰਾਨੀ ਕਰਦਾ ਹੈ | ਅੱਜ ਸਵੇਰੇ ਕਰੀਬ 9.30 ਵਜੇ ਉਨ੍ਹਾਂ ਨੂੰ ਠੇਕੇਦਾਰ ਬਬਲੂ ਰਾਮ ਦਾ ਫੋਨ ਆਇਆ ਕਿ ਕੋਠੀ ਦੇ ਤਾਲੇ ਟੁੱਟੇ ਹੋਏ ਹਨ ਅਤੇ ਅੰਦਰੋਂ ਬਹੁਤ ਸਾਰਾ ਸਾਮਾਨ ਗਾਇਬ ਹੈ | ਸੂਚਨਾ ਮਿਲਣ 'ਤੇ ਜਿਵੇਂ ਹੀ ਉਹ ਕੋਠੀ ਪਹੁੰਚੇ, ਦੇਖਿਆ ਕਿ ਅੰਦਰੋਂ ਕਿਸੇ ਨੇ ਮਸ਼ੀਨ, ਬਿਜਲੀ ਦੀਆਂ ਤਾਰਾਂ, ਏ.ਸੀ. ਦੀਆਂ ਪਾਈਪਾਂ ਅਤੇ ਹੋਰ ਬਹੁਤ ਸਾਰਾ ਸਾਮਾਨ ਚੋਰੀ ਕਰ ਲਿਆ ਹੈ | ਇਸ ਤੋਂ ਬਾਅਦ ਉਨ੍ਹਾਂ ਤੁਰੰਤ ਵਾਰਦਾਤ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੋਂ ਬਾਅਦ ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਏ. ਐੱਸ. ਆਈ. ਰਘੁਬੀਰ ਸਿੰਘ ਨੇ ਵਾਰਦਾਤ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ |