ਜਲੰਧਰ, 18 ਦਸੰਬਰ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਕੁਲਵਿੰਦਰ ਸਿੰਘ ਮਛਿਆਣਾ ਦੀ ਅਗਵਾਈ ਹੇਠ ਤਾਮਿਲਨਾਡੂ ਦੇ ਕਿਸਾਨ ਆਗੂਆਂ ਪੀ.ਆਰ. ਪਾਂਡੀਅਨ ਅਤੇ ਸੇਲਵਰਾਜ ਨੂੰ ਕਾਰਪੋਰੇਟ ਘਰਾਣੇ ਵਲੋਂ ਇੱਕ ਝੂਠੇ ਮਾਮਲੇ ਵਿੱਚ ਫਸਾ ਕੇ ਕਰਵਾਈ ਗਈ ਸਜ਼ਾ ਨੂੰ ਰੱਦ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਲਈ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਦੇ ਰਾਹੀਂ ਰੋਸ ਮਾਰਚ ਕਰਨ ਉਪਰੰਤ ਇਕ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਜਥੇਦਾਰ ਮਛਿਆਣਾ ਤੇ ਹਰਸੁਲਿੰਦਰ ਸਿੰਘ ਨੇ ਕਿਹਾ ਕਿ ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਕਰੀਮੰਗਲਮ ਵਿੱਚ ਇਕ ਕੰਪਨੀ ਵਲੋਂ ਖੁਦਾਈ ਅਤੇ ਡਿ੍ਲਿੰਗ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਉੱਥੇ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ ਜਿਸ ਨਾਲ ਉੱਥੇ ਜਾਨੀ ਤੇ ਮਾਲੀ ਨੁਕਸਾਨ ਦੇ ਡਰ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਉਪਰੰਤ ਉਥੋਂ ਦੀ ਰਾਜ ਸਰਕਾਰ ਵਲੋਂ ਉਸ ਕੰਪਨੀ ਦੇ ਪ੍ਰਾਜੈਕਟ ਉੱਪਰ ਉਸ ਇਲਾਕੇ ਵਿੱਚ ਰੋਕ ਲਗਾ ਕੇ ਕੰਮ ਨੂੰ ਰੋਕ ਦਿੱਤਾ ਗਿਆ ਪਰ ਰੋਕ ਦੇ ਬਾਵਜੂਦ, ਓਐਨਜੀਸੀ ਕੰਪਨੀ ਵਲੋਂ ਉਸ ਪ੍ਰਭਾਵਿਤ ਇਲਾਕੇ ਵਿੱਚ ਕੰਮ ਨੂੰ ਰੋਕਣ ਦੀ ਬਜਾਏ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਹੋਏ ਕੰਮ ਨੂੰ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਜਾਰੀ ਰੱਖਿਆ ਗਿਆ ਤਾ ਪੀ. ਆਰ. ਪਾਂਡਿਅਨ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਲੋਕਾਂ ਦੇ ਸਾਫ ਹਵਾ ਵਿਚ ਸਾਹ ਲੈਣ ਦੇ ਹੱਕ ਲਈ ਅਤੇ ਖੇਤੀਬਾੜੀ, ਵਾਤਾਵਰਨ ਉੱਪਰ ਪੈਣ ਵਾਲੇ ਵਿਨਾਸ਼ਕਾਰੀ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ 2015 ਵਿੱਚ ਕਾਰਪੋਰੇਟ ਘਰਾਣੇ ਦੀ ਓਐਨਜੀਸੀ ਕੰਪਨੀ ਦੇ ਉਸ ਪ੍ਰਾਜੈਕਟ ਵਿਰੁੱਧ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਕਾਰਪੋਰੇਟ ਘਰਾਣੇ ਦੀ ਕੰਪਨੀ ਵੱਲੋ ਆਪਣੇ ਮਨਸੂਬੇ ਨੂੰ ਅੱਗੇ ਵਧਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਨ੍ਹਾਂ ਕਿਸਾਨਾਂ ਦੇ ਵਿਰੁੱਧ ਸਾਜਿਸ਼ ਰਚ ਕੇ ਜਾਅਲੀ ਸਬੂਤਾਂ ਦੇ ਆਧਾਰ ਨਾਲ ਇੱਕ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਅਤੇ ਉਸ ਝੂਠੇ ਮੁਕੱਦਮੇ ਵਿੱਚ 6 ਦਸੰਬਰ 2025 ਨੂੰ ਤਿਰੂਵਰੂਰ ਜ਼ਿਲ੍ਹੇ ਦੀ ਫਾਸਟ ਟਰੈਕ ਅਦਾਲਤ ਨੇ ਕਿਸਾਨ ਆਗੂਆਂ ਪੀ.ਆਰ. ਪਾਂਡੀਅਨ ਅਤੇ ਸੇਲਵਰਾਜ ਨੂੰ 13-13 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ, ਉਸ ਦਿਨ ਤੋਂ ਹੀ ਦੋਵੇਂ ਕਿਸਾਨ ਆਗੂ ਜੇਲ੍ਹ 'ਚ ਬੰਦ ਹਨ | ਕੁਲਵਿੰਦਰ ਸਿੰਘ ਮਛਿਆਣਾ ਤੇ ਹਰਸੁਲਿੰਦਰ ਸਿੰਘ ਨੇ ਕਿਹਾ ਕਿ ਸ਼ੁੱਧ ਹਵਾ, ਸਾਫ ਪਾਣੀ ਦੀ ਮੰਗ ਕਰਨਾ ਹਰ ਇਕ ਭਾਰਤ ਵਾਸੀ ਦਾ ਹੱਕ ਹੈ ਇਸ ਲਈ ਉਹਨਾਂ ਵੱਲੋਂ ਡੀਸੀ ਰਾਹੀਂ ਮਾਣਯੋਗ ਰਾਸ਼ਟਰਪਤੀ ਜੀ ਨੂੰ ਲੋਕਾਂ ਦੇ ਹੱਕਾਂ ਹਕੂਕਾਂ ਦੀ ਰੱਖਿਆ ਕਰਨ ਅਤੇ ਕਿਸਾਨ ਆਗੂ ਪੀਆਰ ਪਾਂਡੀਅਨ ਦੀ ਰਿਹਾਈ ਲਈ ਬੇਨਤੀ ਕੀਤੀ ਗਈ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੂਹਾ, ਮਨਜੀਤ ਸਿੰਘ ਗੁਰਾਇਆ, ਬਲਾਕ ਪ੍ਰਧਾਨ ਸੁਖਬੀਰ ਸਿੰਘ, ਹੈਪੀ ਧੁਲੇਤ,ਾ ਬੂਟਾ ਸਿੰਘ ਚਲਾਂਗ ਸਰਪੰਚ ਆਦਿ ਹਾਜ਼ਰ ਸਨ |