ਜਲੰਧਰ, 22 ਦਸੰਬਰ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਵਲੋਂ ਕੀਤੀ ਗਈ ਕਾਰਵਾਈ ਦੌਰਾਨ .32 ਬੋਰ ਦੇ 3 ਪਿਸਤੌਲ ਅਤੇ 6 ਜ਼ਿੰਦਾ ਰੌਂਦ ਬਰਾਮਦ ਕਰਕੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰੋਹਨ ਕਲਿਆਣ ਪੁੱਤਰ ਰਵੀ ਕਲਿਆਣ ਵਾਸੀ ਬੂਟਾ ਪਿੰਡ, ਜਲੰਧਰ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਪੁੱਤਰ ਰਿੰਕੂ ਸਾਰਕੀ ਵਾਸੀ ਬੂਟਾ ਮੰਡੀ, ਜਲੰਧਰ ਵਜੋਂ ਦੱਸੀ ਗਈ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਜਯੰਤ ਪੁਰੀ ਅਤੇ ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਾਖਾਂ ਵਾਲਾ ਬਾਗ ਨੇੜੇ ਕਾਰਵਾਈ ਕਰਦੇ ਹੋਏ ਰੋਹਨ ਕਲਿਆਣ ਅਤੇ ਰੋਸ਼ਨ ਸਾਰਕੀ ਉਰਫ਼ ਨੇਪਾਲੀ ਦੇ ਕਬਜ਼ੇ 'ਚੋਂ 2 ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਰੌਂਦ ਅਤੇ ਰੋਹਨ ਕਲਿਆਣ ਕੋਲੋਂ 1 ਪਿਸਤੌਲ .32 ਬੋਰ ਸਮੇਤ 2 ਜ਼ਿੰਦਾ ਰੌਂਦ ਬਰਾਮਦ ਕਰਕੇ, ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਰੋਹਨ ਕਲਿਆਣ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਡਿਵੀਜ਼ਨ ਨੰਬਰ 2, ਜਲੰਧਰ ਵਿਖੇ ਇਕ ਮੁਕੱਦਮਾ ਦਰਜ ਹੈ, ਜਿਸ 'ਚ ਉਹ ਭਗੌੜਾ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਭਾਰਗੋ ਕੈਂਪ, ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |