ਜਲੰਧਰ, 29 ਦਸੰਬਰ (ਸ਼ਿਵ)-ਨਗਰ ਨਿਗਮ ਦੀ ਲਿਫ਼ਟ ਜਿਹੜੀ ਕਿ ਕਾਫੀ ਸਮੇਂ ਤੋਂ ਠੀਕ ਨਹੀਂ ਕਰਵਾਈ ਗਈ ਤਾਂ ਅੱਜ ਇਕ ਅਪਾਹਜ ਔਰਤ ਤੇ ਇਕ ਦਿਲ ਦੇ ਮਰੀਜ਼ ਦੇ ਲਿਫ਼ਟ 'ਚ ਕਾਫੀ ਸਮੇਂ ਤੱਕ ਫਸ ਜਾਣ ਤੋਂ ਨਾਰਾਜ਼ ਯੂਨੀਅਨ ਆਗੂਆਂ ਨੇ ਕੁਝ ਨਿਗਮ ਅਫ਼ਸਰਾਂ ਦੇ ਦਫ਼ਤਰਾਂ ਨੂੰ ਤਾਲੇ ਮਾਰ ਦਿੱਤੇ ਹਾਲਾਂਕਿ ਇਹ ਤਾਲੇ ਬਾਅਦ ਵਿਚ ਖ਼ੋਲ੍ਹ ਦਿੱਤੇ ਗਏ ਪਰ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਉਨ੍ਹਾਂ ਕਰਕੇ ਹੀ ਕਰਮਚਾਰੀ ਤੇ ਔਰਤ ਲਿਫ਼ਟ 'ਚ ਫਸੇ ਰਹੇ | ਦੁਪਹਿਰ ਦੇ ਸਮੇਂ ਇਕ ਅਪਾਹਜ ਔਰਤ ਤੇ ਇਕ ਦਿਲ ਦਾ ਮਰੀਜ਼ ਕਰਮਚਾਰੀ ਕਿਸੇ ਕੰਮ ਲਈ ਚੌਥੀ ਮੰਜ਼ਿਲ 'ਤੇ ਜਾ ਰਹੇ ਸਨ ਤਾਂ ਇਹ ਲਿਫ਼ਟ ਬੰਦ ਹੋ ਗਈ ਤਾਂ ਕਰਮਚਾਰੀਆਂ 'ਚ ਗ਼ੁੱਸਾ ਫੈਲ ਗਿਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਦਫ਼ਤਰ ਵਿਚ ਲਿਫ਼ਟਾਂ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਖ਼ਰਾਬ ਹਨ ਤੇ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਗ਼ੁੱਸੇ 'ਚ ਆਏ ਕਰਮਚਾਰੀਆਂ ਨੇ ਐਕਸੀਅਨ ਸੁਖਵਿੰਦਰ ਸਿੰਘ ਸਮੇਤ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲਾ ਲਗਾ ਕੇ ਤੇ ਚਾਬੀਆਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੌਂਪ ਕੇ ਵਿਰੋਧ ਪ੍ਰਦਰਸ਼ਨ ਕੀਤਾ | ਯੂਨੀਅਨ ਪ੍ਰਧਾਨ ਵਿਕੀ ਸਹੋਤਾ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ | ਵਿਕੀ ਸਹੋਤਾ ਨੇ ਦੱਸਿਆ ਕਿ ਲਿਫ਼ਟਾਂ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਬੰਦ ਹਨ | ਉਨ੍ਹਾਂ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਕਈ ਵਾਰ ਸੂਚਿਤ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਕਰਮਚਾਰੀ ਦੇ ਦਿਲ ਵਿਚ ਪਹਿਲਾਂ ਹੀ ਦੋ ਸਟੈਂਟ ਪਏ ਹਨ ਤੇ ਕਰਮਚਾਰੀ ਲਿਫ਼ਟ 'ਚ ਫਸਣ ਤੋਂ ਡਰਿਆ ਹੋਇਆ ਸੀ | ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਟੈਂਡਰ ਬਾਰੇ ਕਾਰਜਕਾਰੀ ਇੰਜੀਨੀਅਰ ਨਾਲ ਕਈ ਵਾਰ ਗੱਲ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਲਿਫ਼ਟਾਂ ਖਸਤਾ ਹਾਲਤ ਵਿਚ ਹਨ | ਦਰਵਾਜ਼ੇ ਟੁੱਟੇ ਹੋਏ ਹਨ ਤੇ ਕੋਈ ਐਮਰਜੈਂਸੀ ਸੇਵਾਵਾਂ ਨਹੀਂ ਹਨ | ਉਨ੍ਹਾਂ ਅੱਗੇ ਕਿਹਾ ਕਿ ਲਿਫ਼ਟ ਦਾ ਇਕਰਾਰਨਾਮਾ ਖ਼ਤਮ ਹੋ ਗਿਆ ਹੈ | ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ | ਫਿਰ ਉਨ੍ਹਾਂ ਦੋਵਾਂ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲਾ ਲਗਾ ਦਿੱਤਾ ਅਤੇ ਚਾਬੀਆਂ ਨਗਰ ਨਿਗਮ ਕਮਿਸ਼ਨਰ ਨੂੰ ਸੌਂਪ ਦਿੱਤੀਆਂ | ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਲੋਕ ਲਿਫ਼ਟਾਂ ਵਿਚ ਫਸ ਚੁੱਕੇ ਹਨ |