ਫ਼ਰੀਦਕੋਟ, 1 ਸਤੰਬਰ (ਸਤੀਸ਼ ਬਾਗ਼ੀ)-ਭਾਰੀ ਬਾਰਿਸ਼ ਕਾਰਨ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 3 ਤੋਂ 7 ਸਤੰਬਰ ਤੱਕ ਸਥਾਨਕ ਮਹਾਤਮਾ ਗਾਂਧੀ ਸਕੂਲ ਵਿਖੇ ਕੀਤੀ ਜਾਣ ਵਾਲੀ ਸ੍ਰੀ ਕਿ੍ਸ਼ਨ ਕਥਾ ਹੁਣ ਸ੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਹੋਵੇਗੀ | ਇਨ੍ਹਾਂ ਦਿਨਾਂ ਵਿਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਕਥਾ ਵਾਲੇ ਸਥਾਨ 'ਤੇ ਪਾਣੀ ਭਰ ਜਾਣ ਕਾਰਨ ਇਹ ਸਥਾਨ ਕਥਾ ਦੇ ਲਈ ਅਨੁਕੂਲ ਨਹੀਂ ਰਿਹਾ | ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ ਜਾਰੀ ਅਲਰਟ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਜਿਸ ਕਾਰਨ ਸਵਾਮੀ ਧੀਰਾਨੰਦ ਜੀ ਅਤੇ ਸੰਸਥਾ ਦੇ ਹੋਰ ਮੈਂਬਰਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਖਰਾਬ ਮੌਸਮ ਨੂੰ ਦੇਖਦੇ ਹੋਏ, ਹੁਣ ਇਹ ਕਥਾ ਸ੍ਰੀ ਰਾਧਾ ਕਿ੍ਸ਼ਨ ਧਾਮ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਕੀਤੀ ਜਾਵੇਗੀ | ਕਥਾ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ | ਇਸ ਦੌਰਾਨ ਸਵਾਮੀ ਧੀਰਾਨੰਦ ਜੀ ਨੇ ਸਾਰੇ ਪ੍ਰਭੂ ਭਗਤਾਂ ਨੂੰ ਪੂਰੇ ਉਤਸ਼ਾਹ ਅਤੇ ਪ੍ਰੇਮ ਨਾਲ ਸ਼੍ਰੀ ਰਾਧਾ ਕਿ੍ਸ਼ਨ ਧਾਮ ਪਹੁੰਚਣ ਅਤੇ ਸ਼੍ਰੀ ਕਿ੍ਸ਼ਨ ਕਥਾ ਦਾ ਆਨੰਦ ਲੈਣ ਅਤੇ ਭਗਵਾਨ ਕਿ੍ਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਸਵਾਮੀ ਜੀ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਕਥਾ ਵਿਆਸ ਸਾਧਵੀ ਗਰਿਮਾ ਭਾਰਤੀ ਜੀ ਕਥਾ ਦਾ ਵਿਖਿਆਨ ਕਰਨ ਦੇ ਲਈ ਪਹੁੰਚ ਰਹੇ ਹਨ | ਕਥਾ ਤੋਂ ਬਾਅਦ ਸਾਰੇ ਸ਼ਰਧਾਲੂਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ |