ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਜਗਦੀਪ ਸਿੰਘ ਸੰਧੂ ਵਲੋਂ ਪਿੰਡ ਕੋਟਲੀ ਸੰਘਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਪਿੰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਪਿੰਡ ਵਾਸੀਆਂ ਨੇ ਜਗਦੀਪ ਸੰਧੂ ਨੂੰ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਿੰਡ ਦੇ ਚੁਫ਼ੇਰੇ ਪਾਣੀ ਭਰ ਗਿਆ ਹੈ | ਪਿੰਡ ਦੇ ਛੱਪੜ ਓਵਰਫ਼ਲੋ ਹੋ ਗਏ ਹਨ, ਜਿਸ ਤੋਂ ਬਾਅਦ ਪਾਣੀ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਗਿਆ | ਮੀਂਹ ਕਾਰਨ ਪਿੰਡ 'ਚ ਕੁਝ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ | ਇਸ ਤੋਂ ਇਲਾਵਾ ਮੀਂਹ ਦਾ ਪਾਣੀ ਫ਼ਸਲਾਂ 'ਚ ਭਰ ਜਾਣ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਹੋਣ ਦਾ ਡਰ ਹੈ | ਲੋਕਾਂ ਨੇ ਮੰਗ ਕੀਤੀ ਕਿ ਜਲਦ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਾਅ ਹੋ ਸਕੇ | ਇਸ ਦੌਰਾਨ ਜਗਦੀਪ ਸਿੰਘ ਸੰਧੂ ਨੇ ਜਿੱਥੇ ਪਾਣੀ ਦੀ ਨਿਕਾਸੀ ਲਈ ਡੀ.ਸੀ. ਨਾਲ ਮੁਲਾਕਾਤ ਕਰਕੇ ਇਸ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ, ਉੱਥੇ ਹੀ ਪੂਰੇ ਪਿੰਡ ਦਾ ਦੌਰਾ ਕੀਤਾ ਅਤੇ ਗ਼ਰੀਬ ਘਰਾਂ 'ਚ ਜਾ ਕੇ ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗੇ ਸਨ ਦਾ ਹਾਲ ਜਾਣਿਆ | ਉਨ੍ਹਾਂ ਗ਼ਰੀਬ ਮਜ਼ਦੂਰ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਲਦ ਹੀ ਨੁਕਸਾਨੇ ਮਕਾਨਾਂ ਸੰਬੰਧੀ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਦਿਵਾਈ ਜਾਵੇਗੀ | ਇਸ ਮੌਕੇ ਬਿਕਰਮ ਸਿੰਘ ਔਲਖ, ਜਸਕਰਨ ਸਿੰਘ ਔਲਖ, ਪੰਚ ਸੁਖਮੰਦਰ ਸਿੰਘ ਬਿੱਟਾ, ਬਲਦੇਵ ਸਿੰਘ, ਪਿਆਰੇ ਲਾਲ, ਕੱਦਾ ਸਿੰਘ, ਪਾਲਾ ਸਿੰਘ, ਪ੍ਰਗਟ ਸਿੰਘ, ਅਰਜਨ ਸਿੰਘ ਆਦਿ ਹਾਜ਼ਰ ਸਨ |