ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਹੜ੍ਹਾਂ ਦੀ ਮਾਰ ਕਾਰਨ ਪੰਜਾਬ ਬਹੁਤ ਹੀ ਮੁਸ਼ਕਿਲ ਦੌਰ ਦੇ ਵਿਚੋਂ ਗੁਜ਼ਰ ਰਿਹਾ ਹੈ | ਅਜਿਹੇ ਵਿਚ ਸੂਬੇ ਭਰ ਦੀਆਂ ਆਸ਼ਾ ਵਰਕਰ ਅਤੇ ਫ਼ੈਸੀਲੀਟੇਟਰਾਂ ਵਲੋਂ ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਦੇ ਨਾਲ ਨਿਭਾਈਆਂ ਜਾ ਰਹੀਆਂ ਹਨ | ਇਹ ਪ੍ਰਗਟਾਵਾ ਆਸ਼ਾ ਵਰਕਰ ਅਤੇ ਫ਼ੈਸੀਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਭਰਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਲੋਕਾਂ ਦੇ ਨਾਲ ਖੜ੍ਹੀਆਂ ਹਨ, ਪ੍ਰਭਾਵਿਤ ਹੋਏ ਜ਼ਿਲਿ੍ਹਆਂ ਦੇ ਵਿਚ ਜਿਵੇਂ ਕਿ ਫਿਰੋਜ਼ਪੁਰ, ਫ਼ਾਜ਼ਿਲਕਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਆਦਿ ਇਲਾਕਿਆਂ ਵਿਚ 24 ਘੰਟੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ | ਜਿੱਥੇ ਸਿਹਤ ਵਿਭਾਗ ਦਿਨ ਰਾਤ ਸੇਵਾ ਕਰ ਰਿਹਾ ਹੈ, ਉੱਥੇ ਮੁੱਢਲੀ ਕਤਾਰ ਦੇ ਵਿਚ ਆਸ਼ਾ ਵਰਕਰ ਅਤੇ ਫੈਸੀਲੀਟੇਟਰਾਂ ਸਿਹਤ ਸੇਵਾਵਾਂ ਅਤੇ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ ਪੰ੍ਰਤੂ ਅਫਸੋਸ ਦੀ ਗੱਲ ਹੈ ਕਿ ਸੇਵਾ ਕਰਨ ਵਾਲੀਆਂ ਇਨ੍ਹਾਂ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ 10 ਸਤੰਬਰ ਤੱਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਾਂ ਦੀਆਂ ਤਨਖਾਹਾਂ ਪਾਈਆਂ ਜਾਣ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਜਸਵੀਰ ਕੌਰ ਕਾਨਿਆਂਵਾਲੀ, ਸਰਬਜੀਤ ਕੌਰ ਸ੍ਰੀ ਮੁਕਤਸਰ ਸਾਹਿਬ, ਪ੍ਰੀਤੀ ਮਲੋਟ, ਪ੍ਰਵੀਨ ਕੌਰ ਆਲਮਵਾਲਾ, ਕਿਰਨਦੀਪ ਕੌਰ ਗਿੱਦੜਬਾਹਾ ਤੇ ਸਾਰੇ ਜ਼ਿਲ੍ਹੇ ਦੀਆਂ ਆਸਾਂ ਭੈਣਾਂ ਸ਼ਾਮਿਲ ਸਨ |