ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲੀ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ | ਇਸ ਇਮਤਿਹਾਨ 'ਚ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦੀ ਜੀਵਨੀ 'ਚੋਂ ਲਿਆ ਗਿਆ, ਜਿਸ ਵਿਚ ਲਗਪਗ 22 ਸਕੂਲਾਂ ਦੇ 1500 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਇਸ ਪ੍ਰੀਖਿਆ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜ ਕੇ ਚੰਗੇ ਇਨਸਾਨ ਬਣਾਉਣਾ ਹੈ | ਖੇਤਰ ਸ੍ਰੀ ਮੁਕਤਸਰ ਸਾਹਿਬ ਵਿਚ ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ ਜਮਾਤ) 'ਚੋਂ ਪਹਿਲਾ ਸਥਾਨ ਜੋਬਨਮੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਜਮਾਤ ਸੱਤਵੀਂ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ, ਦੂਜਾ ਸਥਾਨ ਪਾਵਣੀ ਚੌਹਾਨ ਪੁੱਤਰੀ ਮੋਹਿਤ ਚੌਹਾਨ ਜਮਾਤ ਅੱਠਵੀਂ ਕੁਲਵੰਤ ਜੋਸ਼ੀ ਰੀਜਨਲ ਮੈਮੋਰੀਅਲ ਕਾਨਵੈਂਟ ਸਕੂਲ ਰੁਪਾਣਾ, ਤੀਜਾ ਸਥਾਨ ਖ਼ੁਸ਼ਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਜਮਾਤ ਛੇਵੀਂ ਸ.ਸ.ਸ. ਸਕੂਲ ਉਦੇਕਰਨ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਦਰਜਾ ਤੀਜਾ (ਨੌਵੀਂ ਤੋਂ ਬਾਰ੍ਹਵੀਂ ਜਮਾਤ) ਵਿਚੋਂ ਪਹਿਲਾ ਸਥਾਨ ਨਵਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਜਮਾਤ ਦਸਵੀਂ ਸ.ਸ.ਸ. ਸਕੂਲ ਉਦੇਕਰਨ, ਦੂਜਾ ਸਥਾਨ ਆਕਾਸ਼ਦੀਪ ਕੌਰ ਪੁੱਤਰੀ ਗੁਰਬਖ਼ਸ਼ ਸਿੰਘ ਜਮਾਤ ਦਸਵੀਂ ਸੇਂਟ ਫ਼ਰੀਦ ਕਾਨਵੈਂਟ ਸਕੂਲ, ਤੀਜਾ ਸਥਾਨ ਹਰਪ੍ਰੀਤ ਕੌਰ ਪੁੱਤਰੀ ਸੁਖਚੈਨ ਸਿੰਘ ਜਮਾਤ 11ਵੀਂ ਡੀ.ਵੀ.ਐੱਮ. ਪਬਲਿਕ ਸਕੂਲ ਉਦੇਕਰਨ ਨੇ ਹਾਸਿਲ ਕੀਤਾ | ਇਮਤਿਹਾਨ ਕੋਆਰਡੀਨੇਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਪਹਿਲੀਆਂ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਦਫ਼ਤਰ ਵਿਖੇ ਹੋਣ ਵਾਲੇ ਸਮਾਗਮ ਵਿਚ ਵਿਦਿਆਰਥੀਆਂ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜਸਦੀਪ ਸਿੰਘ, ਗਗਨਦੀਪ ਸਿੰਘ, ਜਸ਼ਨਦੀਪ ਸਿੰਘ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਹਰਬੰਸ ਸਿੰਘ ਅਤੇ ਸਾਰੇ ਹੀ ਖੇਤਰ ਦੀ ਟੀਮ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ |