ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ, ਸਮਾਜ ਸ਼ਾਸਤਰ ਵਿਭਾਗ, ਐੱਨ.ਐੱਸ.ਐੱਸ. ਯੂਨਿਟ ਕਾਲਜ ਅਤੇ ਸਕੂਲ ਵਲੋਂ ਭਾਈ ਘਨ੍ਹਈਆ ਜੀ ਦੇ 307ਵੇਂ ਪਰਲੋਕ ਗਮਨ ਦਿਵਸ ਦੀ ਯਾਦ 'ਚ ਮਾਨਵ ਸੇਵਾ ਦਿਵਸ ਪੋ੍ਰਗਰਾਮ ਕਰਵਾਇਆ ਗਿਆ | ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਸ਼ਵੇਤਾ ਡਾਰਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਇਕ ਰੋਜ਼ਾ ਖ਼ੂਨਦਾਨ ਕੈਂਪ ਅਤੇ ਨੇਤਰਦਾਨ ਸੰਬੰਧੀ ਵਿਸ਼ੇਸ਼ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ਮੌਕੇ ਕਾਲਜ ਤੇ ਯੂਥ ਕਲੱਬ ਦੇ ਮੈਂਬਰਾਂ ਵਲੋਂ ਕੁੱਲ 60 ਯੂਨਿਟ ਖ਼ੂਨਦਾਨ ਕੀਤਾ ਗਿਆ | ਇਸ ਦੇ ਨਾਲ ਹੀ ਲਗਪਗ 100 ਵਿਦਿਆਰਥੀਆਂ ਨੇ ਅੱਖਾਂ ਦਾਨ ਪ੍ਰਤੀ ਜਾਗਰੂਕਤਾ ਸੈਮੀਨਾਰ ਵਿਚ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਨਸ਼ਿਆਂ ਖ਼ਿਲਾਫ਼ ਅਹਿਦ ਸਮਾਰੋਹ ਵਿਚ ਵੀ ਭਾਗ ਲਿਆ ਗਿਆ | ਪਿ੍ੰਸੀਪਲ ਡਾ. ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭਾਈ ਘਨ੍ਹਈਆ ਜੀ ਦੀ ਨਿਸ਼ਕਾਮ ਸੇਵਾ ਭਾਵਨਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਨਾ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ ਡਾ. ਅਮਨਪ੍ਰੀਤ ਕੌਰ ਮੁਖੀ ਸਮਾਜ ਸ਼ਾਸਤਰ ਵਿਭਾਗ, ਡਾ. ਮਨਦੀਪ ਕੌਰ, ਮਨਦੀਪ ਸਿੰਘ ਇੰਚਾਰਜ ਐੱਨ.ਐੱਸ.ਐੱਸ. ਯੂਨਿਟ ਕਾਲਜ, ਸੁਰਿੰਦਰ ਕੌਰ ਇੰਚਾਰਜ ਐੱਨ.ਐੱਸ.ਐੱਸ. ਯੂਨਿਟ ਹਾਜ਼ਰ ਸਨ |