ਦੋਦਾ, 24 ਸਤੰਬਰ (ਰਵੀਪਾਲ)-ਪਾਵਰਕਾਮ ਸਬ ਡਵੀਜ਼ਨ ਦਫ਼ਤਰ ਦੋਦਾ ਅਧੀਨ ਪੈਂਦੇ ਕਈ ਪਿੰਡਾਂ 'ਚ ਘਰਾਂ 'ਚੋਂ ਬਾਹਰ ਕੱਢੇ ਮੀਟਰ ਬਕਸਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਦੋਦਾ ਦੇ ਕਈ ਖ਼ਪਤਕਾਰਾਂ ਨੇ ਦੱਸਿਆ ਕਿ ਕਈ ਮੀਟਰਾਂ ਦੇ ਗੇਟ ਕਿਸੇ ਹਾਦਸੇ ਕਾਰਨ ਟੁੱਟ ਜਾਣ ਕਰਕੇ ਜਾਂ ਫਾਲਟ ਕਾਰਨ ਬੰਦ ਨਾ ਹੋਣ ਕਰਕੇ ਵੱਡੀ ਮੁਸ਼ਕਿਲ ਦਾ ਕਾਰਨ ਬਣ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਕਰਕੇ ਮੀਟਰ ਬਕਸੇ ਖੁੱਲ੍ਹਾ ਹੋਣ ਕਰਕੇ ਮੀਟਰਾਂ ਦੀਆਂ ਤਾਰਾਂ ਸਪਾਰਕ ਹੋ ਜਾਣ ਨਾਲ ਅੱਗ ਲੱਗਣ ਦਾ ਡਰ ਰਹਿੰਦਾ ਹੈ ਅਤੇ ਬੇਸਹਾਰਾ ਪਸ਼ੂਆਂ ਦੇ ਕਰੰਟ ਲੱਗਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ | ਦੋਦਾ ਵਾਸੀਆਂ ਨੇ ਦੱਸਿਆ ਕਿ ਇਕ ਵਾਰ ਖ਼ਪਤਕਾਰਾਂ ਦੇ ਬਕਸੇ 'ਚ ਲੱਗੇ ਮੀਟਰਾਂ ਵਿਚ ਪਾਣੀ ਨਾਲ ਸਪਾਰਕ ਦੌਰਾਨ ਬਕਸੇ ਨੂੰ ਅੱਗ ਲੱਗ ਗਈ ਅਤੇ ਸਾਰੇ ਮੀਟਰ ਹੀ ਸੜ ਗਏ ਸਨ | ਇਸ ਦੌਰਾਨ ਚਾਰ ਮੀਟਰਾਂ ਵਾਲੇ ਬਕਸੇ 'ਚ ਇਕ ਮੀਟਰ ਸੜਨ ਕਾਰਨ ਦੂਜੇ ਤਿੰਨ ਮੀਟਰ ਵੀ ਸੜ ਜਾਂਦੇ ਹਨ, ਜਿਸ ਦੀ ਕੀਮਤ ਖ਼ਪਤਕਾਰ ਨੂੰ ਚੁਕਾਉਣੀ ਪੈਂਦੀ ਹੈ | ਦੋਦਾ ਦੇ ਪੰਚਾਇਤ ਘਰ ਨੇੜੇ ਲੱਗੇ ਮੀਟਰ ਬਕਸੇ 'ਚ ਕੋਈ ਵਾਹਨ ਵੱਜਣ ਕਰਕੇ ਉਸ ਦੀ ਬਾਰੀ ਨਹੀਂ ਲੱਗਦੀ, ਜੋ ਕਿ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ | ਦੂਜਾ ਬਕਸਾ ਪੈਟਰੋਲ ਪੰਪ ਹਿੰਦੋਸਤਾਨ ਪੈਟਰੋਲੀਅਮ ਦੇ ਸਾਹਮਣੇ ਕਿਸੇ ਵਾਹਨ ਦੀ ਟੱਕਰ ਕਰਕੇ ਸਾਲ ਭਰ ਤੋਂ ਟੁੱਟ ਚੁੱਕਾ ਹੈ, ਜੋ ਕਿ ਕਿਸੇ ਵੇਲੇ ਬੇਸਹਾਰਾ ਪਸ਼ੂ ਲਈ ਖ਼ਤਰਾ ਬਣ ਸਕਦਾ ਹੈ, ਜਦਕਿ ਅੱਗ ਲੱਗਣ ਦਾ ਕਾਰਨ ਵੀ ਬਣ ਸਕਦਾ ਹੈ | ਵਾਰਡ ਨੰਬਰ ਇਕ ਵਾਟਰ ਵਰਕਸ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਾਡੇ ਮੀਟਰ ਬਕਸੇ ਨੂੰ ਵੀ ਸਪਾਰਕ ਕਰਕੇ ਕੁਝ ਮਹੀਨੇ ਪਹਿਲਾਂ ਅੱਗ ਲੱਗ ਗਈ ਸੀ, ਜਿਸ ਦੇ ਸਾਰੇ ਮੀਟਰ ਹੀ ਸੜ ਗਏ ਸਨ | ਖ਼ਪਤਕਾਰਾਂ ਨੇ ਇਹ ਵੀ ਦੱਸਿਆ ਕਿ ਦੋ ਸਾਲ ਤੋਂ ਕਈ ਬਕਸੇ ਖ਼ਰਾਬ ਪਏ ਹਨ, ਜਿਸ ਦਾ ਅਧਿਕਾਰੀਆਂ ਨੂੰ ਕਹਿਣ 'ਤੇ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਅਤੇ ਇਸ ਤਰ੍ਹਾਂ ਦੇ ਹੋਰ ਵੀ ਕਈ ਕੇਸ ਦੋਦਾ ਤੇ ਹੋਰ ਪਿੰਡਾਂ ਦੇ ਹਨ | ਪਿੰਡ ਸੂਰੇਵਾਲਾ ਆਟਾ ਚੱਕੀ ਨੇੜੇ ਵੀ ਕਿਸੇ ਵਹੀਕਲ ਕਾਰਨ ਬਕਸਾ ਨੁਕਸਾਨਿਆ ਗਿਆ ਸੀ, ਜਿਸ ਨੂੰ ਠੀਕ ਕਰਨ ਦੀ ਤੁਰੰਤ ਲੋੜ ਹੈ | ਕਈ ਪਿੰਡ ਵਾਸੀਆ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਇਹ ਬਕਸੇ ਲਗਾਏ ਗਏ ਸਨ, ਪਰ ਬਾਅਦ 'ਚ ਕੋਈ ਮੁਰੰਮਤ ਨਹੀਂ ਕਰਵਾਈ ਗਈ | ਉਨ੍ਹਾਂ ਸਾਰੀ ਡਵੀਜ਼ਨ 'ਚ ਸਰਵਾ ਕਰਵਾ ਕੇ ਬਕਸੇ ਠੀਕ ਕਰਵਾਉਣ ਦੀ ਮੰਗ ਕੀਤੀ | ਪਾਵਰਕਾਮ ਸਬ ਡਵੀਜ਼ਨ ਦਫ਼ਤਰ ਦੋਦਾ ਦੇ ਐੱਸ.ਡੀ.ਓ. ਨਾਲ ਜਦ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵੱਡੇ ਮੀਟਰ ਬਕਸੇ ਅਜੇ ਨਹੀਂ ਆ ਰਹੇ ਹਨ | ਜੇਕਰ ਕਿਸੇ ਖ਼ਪਤਕਾਰਾਂ ਦੇ ਬਕਸੇ ਨੁਕਸਾਨੇ ਹਨ ਤਾਂ ਉਹ ਦਫ਼ਤਰ ਆ ਕੇ ਦੱਸ ਦੇਣ, ਜਿਸ ਤੋਂ ਬਾਅਦ ਜੇ.ਈ. ਨੂੰ ਕਹਿ ਕੇ ਛੋਟੇ ਬਕਸੇ ਲਗਾ ਦਿੱਤੇ ਜਾਣਗੇ ਅਤੇ ਜਿਥੇ ਕੋਈ ਠੀਕ ਹੋਣ ਵਾਲਾ ਹੈ, ਠੀਕ ਕਰਵਾ ਦਿੱਤਾ ਜਾਵੇਗਾ |