ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਪਿ੍ੰਸੀਪਲ ਡਾ. ਜਗਜੀਵਨ ਕੌਰ ਦੀ ਅਗਵਾਈ ਵਿਚ ਖੇਡਾਂ ਦੇ ਖੇਤਰ 'ਚ ਮੱਲ੍ਹਾਂ ਮਾਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਉਨ੍ਹਾਂ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਹਮੇਸ਼ਾ ਹੀ ਵਿਦਿਆਰਥੀਆਂ ਲਈ ਵਿਭਿੰਨ ਪ੍ਰਤੀਯੋਗਤਾਵਾਂ ਕਰਵਾਉਂਦਾ ਹੈ | ਇਸ ਲਗਾਤਾਰਤਾ ਦਾ ਹੀ ਪ੍ਰਤੀਫ਼ਲ ਹੈ ਕਿ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਯੁਵਰਾਜ ਬੱਟੀ ਪੁੱਤਰ ਹਰਭਜਨ ਲਾਲ ਨੇ ਬੀਤੇ ਦਿਨੀਂ 60ਵੀਂ ਪੰਜਾਬ ਸਟੇਟ ਸ਼ੂਟਿੰਗ (ਐੱਨ.ਆਰ.) ਚੈਂਪੀਅਨਸ਼ਿਪ 2025 ਦੌਰਾਨ 50 ਮੀਟਰ ਪਿਸਟਲ ਜੂਨੀਅਰ ਪੁਰਸ਼ ਵਰਗ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਇਸ ਦੇ ਨਾਲ ਹੀ ਇੰਡੀਅਨ ਓਪਨ ਸ਼ੂਟਿੰਗ (ਐੱਨ.ਆਰ.) ਚੈਂਪੀਅਨਸ਼ਿਪ ਦੇਹਰਾਦੂਨ 2025 ਵਿਚ ਹਿੱਸਾ ਲੈਂਦੇ ਹੋਏ 25 ਮੀਟਰ ਪਿਸਟਲ ਜੂਨੀਅਰ ਪੁਰਸ਼ ਵਰਗ ਵਿਚ ਸਿਲਵਰ ਤਗ਼ਮਾ ਹਾਸਿਲ ਕੀਤਾ | ਪਿ੍ੰਸੀਪਲ ਨੇ ਆਖਿਆ ਇਹ ਕੇਵਲ ਉਨ੍ਹਾਂ ਦੀ ਅਗਵਾਈ ਹੀ ਨਹੀਂ, ਬਲਕਿ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਦਵਿੰਦਰ ਸਿੰਘ ਬਰਾੜ ਤੇ ਡਾ. ਰਾਜੇਸ਼ ਗੋਂਦਾਰਾ ਦੀ ਅਣਥੱਕ ਘਾਲਣਾ ਦਾ ਵੀ ਸਿੱਟਾ ਹੈ |