ਡੱਬਵਾਲੀ, 4 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੁਤੰਤਰਤਾ ਸੈਨਾਨੀ ਪਾਰਕ ਦੇ ਨੇੜੇ ਅੱਜ ਇਕ ਝੋਨੇ ਨਾਲ ਲੱਦਿਆ ਓਵਰਲੋਡ ਟਰੱਕ ਬਿਜਲੀ ਤਾਰਾਂ ਨਾਲ ਟੱਕਰਾ ਗਿਆ | ਤਾਰਾਂ ਦੇ ਖਿਚਾਅ ਕਾਰਨ 220 ਕੇ.ਵੀ. ਲਾਈਨ ਸਮੇਤ ਤਿੰਨ ਖੰਭੇ ਡਿੱਗ ਪਏ | ਇਕ ਖੰਭਾ ਉੱਥੋਂ ਲੰਘ ਰਹੇ ਸਕੂਟਰੀ ਸਵਾਰ 'ਤੇ ਜਾ ਡਿੱਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ | ਹਾਦਸੇ 'ਚ ਜ਼ਖ਼ਮੀ ਦੀ ਪਛਾਣ 52 ਸਾਲਾ ਗੁਰਪ੍ਰੇਮ ਸਿੰਘ ਵਾਸੀ ਪਿੰਡ ਮਸੀਤਾਂ ਵਜੋਂ ਹੋਈ ਹੈ | ਉਹ ਮੰਡੀ ਕਿੱਲਿਆਂਵਾਲੀ ਦੇ ਪ੍ਰਾਈਵੇਟ ਬੱਸ ਅੱਡੇ 'ਤੇ ਚੌਂਕੀਦਾਰ ਵਜੋਂ ਕੰਮ ਕਰਦਾ ਹੈ | ਹਾਦਸੇ ਵਿਚ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ | ਸਿਵਲ ਹਸਪਤਾਲ ਲਿਜਾਣ 'ਤੇ ਜ਼ਖ਼ਮੀ ਦੀ ਲੱਤ 'ਚ ਫਰੈਕਚਰ ਦੀ ਪੁਸ਼ਟੀ ਹੋਈ | ਜ਼ਖ਼ਮੀ ਗੁਰਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਤੋਂ ਬਾਅਦ ਪਿੰਡ ਵੱਲ ਵਾਪਸ ਜਾ ਰਿਹਾ ਸੀ ਤੇ ਟਰੱਕ ਦੇ ਪਿੱਛੇ ਆਪਣੀ ਇਲੈਕਟਿ੍ਕ ਸਕੂਟਰੀ 'ਤੇ ਸੀ | ਉਸ ਨੇ ਕਿਹਾ ਕਿ ਜੇਕਰ ਖੰਭਾ ਉਸ ਦੇ ਸਿਰ 'ਤੇ ਡਿੱਗਦਾ ਤਾਂ ਸ਼ਾਇਦ ਜਾਨ ਨਾ ਬਚਦੀ | ਸੂਚਨਾ ਮਿਲਣ 'ਤੇ ਬਿਜਲੀ ਨਿਗਮ ਦੇ ਕਰਮਚਾਰੀ ਮੌਕੇ 'ਤੇ ਪੁੱਜ ਗਏ ਤੇ ਸਪਲਾਈ ਬੰਦ ਕਰਵਾਈ | ਫੋਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਮੰਡੀ ਸ਼ੇਰਗੜ੍ਹ ਫ਼ੀਡਰ ਦੀ ਸੇਵਾ ਪ੍ਰਭਾਵਿਤ ਹੋਏ | ਟਰੱਕ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਲੋਕਾਂ ਨੇ ਸ਼ਹਿਰ ਵਿਚ ਭਾਰੀ ਵਾਹਨਾਂ ਦੇ ਦਾਖ਼ਲੇੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ |