ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਪਣੇ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਹੋਈ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ 13 ਸੀਟਾਂ ਵਿਚੋਂ ਗਿੱਦੜਬਾਹਾ ਹਲਕੇ ਵਿਚ ਪੈਂਦੇ ਜ਼ੋਨ ਕੋਟਭਾਈ ਤੋਂ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ 41 ਵੋਟਾਂ ਦੇ ਫ਼ਰਕ ਨਾਲ ਸਫ਼ਲ ਰਹੇ ਹਨ | ਇਹ ਸੀਟ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਪਰਿਵਾਰ ਵਲੋਂ ਲੜੀ ਗਈ ਸੀ | ਇਸ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਬਲਾਕ ਸੰਮਤੀ ਦੀਆਂ 20 ਸੀਟਾਂ ਵਿਚੋਂ ਇਕ ਸੀਟ 'ਤੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੀ | ਮਲੋਟ ਵਿਧਾਨ ਸਭਾ ਹਲਕੇ ਵਿਚ ਪੈਂਦੇ 25 ਜ਼ੋਨਾਂ ਵਿਚੋਂ ਵੀ ਕੋਈ ਸੀਟ ਨਹੀਂ ਮਿਲੀ | ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਧਾਨ ਸਭਾ ਹਲਕਿਆਂ ਵਿਚ ਬਲਾਕ ਸੰਮਤੀ ਜ਼ੋਨਾਂ ਵਿਚ ਕਾਂਗਰਸ ਪਾਰਟੀ ਦਾ ਖਾਤਾ ਨਹੀਂ ਖੁੱਲਿ੍ਹਆ | ਕੁਝ ਸਮਾਂ ਪਹਿਲਾਂ ਹੀ ਦੂਜੀ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਸ਼ੁਭਦੀਪ ਸਿੰਘ ਬਿੱਟੂ ਮਲੋਟ ਇਲਾਕੇ ਨਾਲ ਸੰਬੰਧਿਤ ਹਨ | ਸ੍ਰੀ ਮੁਕਤਸਰ ਸਾਹਿਬ ਦੀ ਬਲਾਕ ਸੰਮਤੀ ਬੂੜਾ ਗੁੱਜਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਗੁਰਵਿੰਦਰ ਕੌਰ ਸੰਧੂ ਜੋ ਕਿ ਇਸ ਤੋਂ ਪਹਿਲਾਂ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਪ੍ਰਸਨ ਸਨ ਅਤੇ ਬਲਾਕ ਕਾਂਗਰਸ ਕਮੇਟੀ ਦਿਹਾਤੀ ਸ਼ਰਨਜੀਤ ਸਿੰਘ ਸੰਧੂ ਦੀ ਧਰਮ ਪਤਨੀ ਸਨ, ਉਹ ਵੀ ਅਕਾਲੀ ਉਮੀਦਵਾਰ ਤੋਂ ਚੋਣ ਹਾਰ ਗਏ | ਭਾਵੇਂ ਉਨ੍ਹਾਂ ਆਪਣੇ ਪਿੰਡ ਸਦਰਵਾਲਾ ਤੋਂ 312 ਵੋਟਾਂ ਨਾਲ ਚੰਗੀ ਲੀਡ ਲਈ ਪਰ ਦੂਜੇ ਦੋ ਪਿੰਡਾਂ ਕੋਟਲੀ ਦੇਵਨ ਅਤੇ ਬੂੜਾ ਗੁੱਜਰ ਵਿਚੋਂ ਵੋਟਾਂ ਘਟਣ ਕਰਕੇ ਸਫ਼ਲ ਨਹੀਂ ਹੋ ਸਕੇ | ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਵਿਧਾਨ ਸਭਾ ਹਲਕੇ ਗਿੱਦੜਬਾਹਾ ਦੀ ਗੱਲ ਕਰੀਏ ਤਾਂ ਇਸ ਹਲਕੇ ਦੀ ਬਲਾਕ ਸੰਮਤੀ ਦੀਆਂ 25 ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਸਿਰਫ 8 'ਤੇ ਹੀ ਸਫਲਤਾ ਪ੍ਰਾਪਤ ਕਰ ਸਕੀ ਹੈ | ਜਦ ਕਿ ਲੰਬੀ ਵਿਧਾਨ ਸਭਾ ਹਲਕੇ ਦੀ ਪੰਚਾਇਤ ਸੰਮਤੀ ਦੀਆਂ 25 ਜ਼ੋਨਾਂ ਵਿਚੋਂ ਕਾਂਗਰਸ ਪਾਰਟੀ ਮਹਿਜ਼ ਇਕ ਸੀਟ 'ਤੇ ਹੀ ਸਫਲ ਹੋ ਸਕੀ | ਲੋਕ ਸਭਾ ਚੋਣਾਂ ਦੌਰਾਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ 2022 ਦੌਰਾਨ ਵੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਸੀ , ਰਾਜਾ ਵੜਿੰਗ ਲੁਧਿਆਣਾ ਤੋਂ ਐਮ.ਪੀ. ਬਣਨ ਮਗਰੋਂ ਇਸ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਜੋ ਕਾਂਗਰਸ ਦੇ ਉਮੀਦਵਾਰ ਸਨ, ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਤੋਂ ਹਾਰ ਗਏ ਸਨ | ਕਈ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਵਿਚ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਆਗੂਆਂ ਤੇ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਪੁਰਾਣੇ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਵਿਚ ਨਿਰਾਸ਼ਾ ਹੈ | ਕਈਆਂ ਦਾ ਕਹਿਣਾ ਹੈ ਕਿ ਸਾਡੇ ਫੋਨ ਤੱਕ ਅਟੈਂਡ ਨਹੀਂ ਕੀਤੇ ਜਾਂਦੇ | ਨਵੀਂ ਟੀਮ ਵੀ ਪੂਰੀ ਜਥੇਬੰਦਕ ਅਤੇ ਵਿਉਂਤਬੰਦੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਨੂੰ ਨਹੀਂ ਚਲਾ ਸਕੀ | ਇਸ ਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਬਹੁਤ ਘੱਟ ਵੋਟਾਂ ਮਿਲਣੀਆਂ ਅਤੇ ਕਾਂਗਰਸੀ ਵੋਟ ਬੈਂਕ ਦਾ ਦੂਜੀਆਂ ਪਾਰਟੀਆਂ ਵਿਚ ਤਬਦੀਲ ਹੋਣਾ ਆਉਣ ਵਾਲੇ ਸਮੇਂ ਵਿਚ ਕਾਂਗਰਸ ਲਈ ਸ਼ੁਭ ਸੰਕੇਤ ਨਹੀਂ ਹੈ |