ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਹਰਮਹਿੰਦਰ ਪਾਲ)-ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਅੱਜ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਵਿਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਜੇਲ੍ਹ ਅੰਦਰ ਗ਼ੈਰਕਾਨੂੰਨੀ ਚੀਜ਼ਾਂ ਦੀ ਭਾਲ ਅਤੇ ਨਸ਼ਾ ਤਸਕਰੀ ਨਾਲ ਸੰਬੰਧਿਤ ਸੰਭਾਵੀ ਸਰਗਰਮੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ | ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਠ ਬਚਨ ਸਿੰਘ ਡੀ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਵਲੋਂ ਇਹ ਸਰਚ ਅਭਿਆਨ ਪੂਰੀ ਯੋਜਨਾ ਤੇ ਰਣਨੀਤੀ ਆਧਾਰਿਤ ਤਰੀਕੇ ਨਾਲ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਜੇਲ੍ਹ ਅੰਦਰ ਕਿਸੇ ਵੀ ਕਿਸਮ ਦੀ ਗ਼ੈਰਕਾਨੂੰਨੀ ਗਤੀਵਿਧੀ ਨੂੰ ਰੋਕਣਾ ਅਤੇ ਨਸ਼ਿਆਂ ਦੇ ਜਾਲ ਨੂੰ ਅੰਦਰੋਂ ਹੀ ਤੋੜਨਾ ਸੀ | ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ 'ਤੇ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਕਸਰ ਇਹ ਥਾਵਾਂ ਨਸ਼ਾ ਤਸਕਰੀ ਦੇ ਸੰਪਰਕ ਕੇਂਦਰ ਵਜੋਂ ਵਰਤੀਆਂ ਜਾਂਦੀਆਂ ਹਨ | ਡੀ.ਐੱਸ.ਪੀ ਨੇ ਕਿਹਾ ਕਿ ਇਹ ਕਾਰਵਾਈ ਪੁਲਿਸ ਤੇ ਜੇਲ੍ਹ ਪ੍ਰਬੰਧਕ ਵਿਭਾਗ ਦੇ ਸਾਂਝੀ ਯਤਨਾ ਨਾਲ ਕੀਤੀ ਗਈ | ਇਸ ਮੁਹਿੰਮ ਵਿਚ ਐੱਸ.ਆਈ. ਦਰਸ਼ਨ ਸਿੰਘ (ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ) ਅਤੇ ਐੱਸ.ਆਈ. ਗੁਰਦੀਪ ਸਿੰਘ (ਮੁੱਖ ਅਫ਼ਸਰ ਥਾਣਾ ਬਰੀਵਾਲਾ) ਨੇ ਆਪਣੀਆਂ ਟੀਮਾਂ ਸਮੇਤ ਹਾਜ਼ਰ ਸਨ | ਇਸ ਮੌਕੇ ਸੁਪਰਡੈਂਟ ਜੇਲ੍ਹ ਅਤੇ ਐੱਸ.ਆਈ. ਗੁਰਦਿੱਤ ਸਿੰਘ, ਐੱਸ.ਆਈ. ਵਰਿੰਦਰ ਸਿੰਘ, ਹੋਰ ਜੇਲ੍ਹ ਸਟਾਫ਼ ਮੌਕੇ 'ਤੇ ਮੌਜੂਦ ਰਿਹਾ | ਇਸ ਮੁਹਿੰਮ ਵਿਚ ਕਈ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਵੀ ਸ਼ਾਮਿਲ ਰਹੇ | ਤਲਾਸ਼ੀ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ | ਕੈਦੀਆਂ ਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਕਰਕੇ ਉਨ੍ਹਾਂ ਦੇ ਸਾਮਾਨ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ |