ਬੁਢਲਾਡਾ, 4 ਜੂਨ (ਸਵਰਨ ਸਿੰਘ ਰਾਹੀ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੇ ਦੌਰੇ ਦੌਰਾਨ ਬੁਢਲਾਡਾ ਤੋਂ 4 ਕੁ ਕਿੱਲੋਮੀਟਰ ਦੂਰ ਪਿੰਡ ਬਰ੍ਹੇ ਵਿਖੇ ਸਭ ਤੋਂ ਵੱਧ ਸਮਾਂ 4 ਮਹੀਨੇ ਪੜਾਅ ਕੀਤਾ | ਸੰਗਤਾਂ ਨੇ ਇੱਥੇ ਗੁਰੂ ਘਰ ਦੀ ਉਸਾਰੀ ਕੀਤੀ ਅਤੇ ਇਸ ਇਤਿਹਾਸਕ ਸਥਾਨ ਦੀ ਮਾਨਤਾ ਦੂਰ-ਦੂਰ ਤੱਕ ਹੋਣ ਲੱਗੀ | ਇੱਥੇ ਹਰ ਸਾਲ ਨਿਰਜ਼ਲਾਂ ਇਕਾਦਸ਼ੀ ਨੂੰ ਤਿੰਨ ਦਿਨਾਂ ਜੋੜ ਮੇਲਾ ਭਰਦਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਇਸ ਗੁਰੂ ਘਰ ਦੇ ਮੈਨੇਜਰ ਚਤਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਸਾਲਾਨਾ ਜੋੜ ਮੇਲ ਦੇ ਪਹਿਲੇ ਦਿਨ 5 ਜੂਨ ਨੰੂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | 6 ਜੂਨ ਨੂੰ ਦਿਨ ਰਾਤ ਦੇ ਦਿਵਾਨਾਂ ਤੋਂ ਇਲਾਵਾ 7 ਜੂਨ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ ਅਤੇ ਬਾਬਾ ਬੂਟਾ ਸਿੰਘ ਗੁੜਥੜੀ ਵਾਲਿਆ ਵਲੋਂ ਸੰਗਤਾਂ ਨੰੂ ਕਥਾ-ਕੀਰਤਨ ਰਾਹੀ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ | ਲੋਕਲ ਗੁਰੂ ਘਰ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਬਰ੍ਹੇ, ਹਰਮੇਲ ਸਿੰਘ ਕਲੀਪੁਰ, ਜਥੇਦਾਰ ਹਜੂਰਾ ਸਿੰਘ ਅਤੇ ਸਰਵਣ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੋੜ ਮੇਲੇ ਦੌਰਾਨ ਪੁੱਜ ਕੇ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥਿਆਂ ਪਾਸੋਂ ਗੁਰ ਜਸ ਸਰਵਣ ਕਰਨ |