ਬੁਢਲਾਡਾ, 4 ਜੂਨ (ਸਵਰਨ ਸਿੰਘ ਰਾਹੀ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਅਗਵਾਈ ਹੇਠ ਪਿੰਡ ਕੁੱਲਰੀਆਂ ਦੇ ਕਾਸ਼ਤਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਾਖੀ ਸਬੰਧੀ ਪਿਛਲੇ ਕੁਝ ਸਮੇਂ ਤੋਂ ਜਾਰੀ ਸੰਘਰਸ਼ ਤਹਿਤ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਅੱਗੇ ਰੋਸ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਦਿਆਲਪੁਰਾ ਤੇ ਜ਼ਿਲ੍ਹਾ ਜਨਰਲ ਸਕੱਤਰ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਪਿੰਡ ਕੁੱਲਰੀਆਂ ਦੀ ਜੁਮਲਾ ਮੁਸ਼ਤਰਕਾ ਜ਼ਮੀਨ 'ਤੇ ਦਹਾਕਿਆਂ ਤੋਂ ਕਾਬਜ਼ ਤੇ ਕਾਸ਼ਤਕਾਰ ਕਿਸਾਨਾਂ ਨੂੰ ਪੰਜਾਬ ਸਰਕਾਰ ਪੰਚਾਇਤ ਮਹਿਕਮੇ ਰਾਹੀਂ ਧੱਕੇ ਨਾਲ ਬੇਦਖ਼ਲ ਕਰਨਾ ਚਾਹੁੰਦੀ ਹੈ | ਇਸੇ ਸਿਲਸਿਲੇ ਤਹਿਤ ਹੁਣ ਪੰਚਾਇਤ ਵਿਭਾਗ ਨੇ ਕਿਸਾਨਾਂ ਵਲੋਂ ਕਾਸ਼ਤ ਕੀਤੀ ਕਣਕ ਦੀ ਕਟਾਈ ਲਈ ਧੱਕੇ ਨਾਲ ਰਿਸੀਵਰ ਨਿਯੁਕਤ ਕਰ ਕੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਅਧਿਕਾਰੀ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ ਜਦੋਂ ਕਿ ਇਸ ਜ਼ਮੀਨ ਸਬੰਧੀ ਜ਼ਿਲ੍ਹਾ ਕੁਲੈਕਟਰ, ਏ.ਡੀ.ਸੀ. ਵਿਕਾਸ ਅਤੇ ਸਿਵਲ ਅਦਾਲਤ 'ਚ ਕੇਸ ਚੱਲ ਰਿਹਾ ਹੈ ਪ੍ਰੰਤੂ ਬਿਨਾਂ ਕਿਸੇ ਅਦਾਲਤੀ ਫ਼ੈਸਲੇ ਦੀ ਉਡੀਕ ਦੇ ਸਰਕਾਰੀ ਅਧਿਕਾਰੀ ਕਿਸਾਨਾਂ ਨੂੰ ਜ਼ਮੀਨ ਤੋਂ ਵਾਂਝੇ ਕਰਨ ਲਈ ਬਜ਼ਿਦ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਕੁੱਲਰੀਆਂ ਵਿਖੇ ਨਿਯੁਕਤ ਕੀਤਾ ਰਿਸੀਵਰ ਖ਼ਤਮ ਕਰਨ ਦੇ ਨਾਲ ਹੀ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਗਿਰਦਾਵਰੀ ਬਹਾਲ ਕੀਤੀ ਜਾਵੇ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਚਾਇਤ ਅਧਿਕਾਰੀਆਂ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ | ਧਰਨੇ ਨੂੰ ਦੇਵੀ ਰਾਮ ਰੰਘੜਿਆਲ, ਦਰਸਨ ਸਿੰਘ ਗੁਰਨੇ ਕਲਾਂ, ਜਗਦੇਵ ਸਿੰਘ ਕੋਟਲੀ, ਬਲਦੇਵ ਸਿੰਘ ਪਿਪਲੀਆਂ, ਮੇਲਾ ਸਿੰਘ ਦਿਆਲਪੁਰਾ, ਜਗਜੀਵਨ ਸਿੰਘ ਹਸਨਪੁਰ, ਤਰਸੇਮ ਸਿੰਘ ਚੱਕ ਅਲੀਸ਼ੇਰ, ਬਲਜੀਤ ਸਿੰਘ ਭੈਣੀ ਬਾਘਾ, ਬਰਿਆਮ ਸਿੰਘ, ਸਿਕੰਦਰ ਸਿੰਘ ਖਿਆਲਾ, ਲੀਲਾ ਸਿੰਘ ਮੂਸਾ, ਜਗਵੰਤ ਸਿੰਘ ਆਂਡਿਆਂਵਾਲੀ ਆਦਿ ਨੇ ਸੰਬੋਧਨ ਕੀਤਾ |