ਮਾਨਸਾ, 22 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ਹਿਰ ਦੇ ਰਾਮਦਿੱਤੇਵਾਲਾ ਕੈਂਚੀਆਂ ਵਿਖੇ ਬਣਿਆਂ 72 ਬਿਸਤਰਿਆਂ ਵਾਲਾ ਬਿਰਧ ਆਸ਼ਰਮ ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਦੇ ਆਸਰੇ ਲਈ ਸਹਾਈ ਹੋਵੇਗਾ | ਇਹ ਪ੍ਰਗਟਾਵਾ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਬਿਰਧ ਆਸ਼ਰਮ ਦਾ ਦੌਰਾ ਕਰ ਕੇ ਜਾਇਜ਼ਾ ਲੈਣ ਮੌਕੇ ਕੀਤਾ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਹਿੰਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਜੋ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣਾ ਚਾਹੁੰਦੇ ਹਨ, ਆਪਣਾ ਆਧਾਰ ਕਾਰਡ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 12 ਵਿਖੇ ਮਿਲ ਸਕਦੇ ਹਨ ਜਾਂ ਬਲਾਕ ਪੱਧਰ 'ਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਵੀ ਤਾਲਮੇਲ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿਚ ਬਜ਼ੁਰਗਾਂ ਦੇ ਰਹਿਣ ਲਈ ਮੁਫ਼ਤ ਸਿਹਤ ਅਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਅਤੇ ਸੰਭਾਲ, ਲਾਇਬ੍ਰੇਰੀ ਆਦਿ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਮੌਕੇ ਐਸ. ਡੀ. ਐਮ. ਮਾਨਸਾ ਕਾਲਾ ਰਾਮ ਕਾਂਸਲ, ਗੁਰਲੀਨ ਕੌਰ ਆਈ.ਏ.ਐਸ. (ਅੰਡਰ ਟਰੇਨਿੰਗ) ਆਦਿ ਹਾਜ਼ਰ ਸਨ |