ਮਾਨਸਾ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ 'ਚ ਲਾਵਾਰਸ ਜਾਨਵਰਾਂ ਦੀ ਭਰਮਾਰ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ | ਗਲੀਆਂ-ਮੁਹੱਲਿਆਂ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਇਨ੍ਹਾਂ ਪਸ਼ੂਆਂ ਦੇ ਝੁੰਡ ਹਰਲ-ਹਰਲ ਕਰਦੇ ਵੇਖੇ ਜਾ ਸਕਦੇ ਹਨ | ਰਾਤ ਸਮੇਂ ਨਵੀਂ ਅਨਾਜ ਮੰਡੀ ਕੋਲ ਸਿਰਸਾ-ਬਰਨਾਲਾ ਮੁੱਖ ਸੜਕ 'ਤੇ ਵੱਡੀ ਗਿਣਤੀ 'ਚ ਅਵਾਰਾ ਡੰਗਰ ਬੈਠੇ ਰਹਿੰਦੇ ਹਨ, ਜਿਸ ਕਰ ਕੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਨਜ਼ਦੀਕ ਵੀ ਇਹ ਪਸ਼ੂ ਇੱਧਰ-ਉੱਧਰ ਘੁੰਮ ਰਹੇ ਹਨ | ਲੰਘਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ ਪਰ ਜਦੋਂ ਢੱਠੇ ਆਪਸ 'ਚ ਭਿੜਦੇ ਹਨ ਤਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਤੱਕ ਨੌਬਤ ਆ ਜਾਂਦੀ ਹੈ ਅਤੇ ਇਕ ਵਾਰ ਜਾਮ ਵਰਗੀ ਸਥਿਤੀ ਹੋ ਜਾਂਦੀ ਹੈ | ਦੱਸ ਦੇਈਏ ਪਿਛਲੇ 2 ਮਹੀਨਿਆਂ ਤੋਂ ਲਾਵਾਰਸ ਪਸ਼ੂਆਂ ਦੀ ਤਾਦਾਦ 'ਚ ਕਾਫ਼ੀ ਵਾਧਾ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡਾਂ ਦੇ ਕਿਸਾਨਾਂ ਨੇ ਫ਼ਸਲਾਂ ਦੀ ਰਾਖੀ ਲਈ ਰਾਖੇ ਰੱਖੇ ਹੋਏ ਹਨ | ਪਤਾ ਲੱਗਾ ਹੈ ਕਿ 2 ਮਹੀਨੇ ਪਹਿਲਾਂ ਰਾਤ ਸਮੇਂ ਬਾਹਰਲੇ ਲੋਕ ਇੱਥੇ ਟਰਾਲੀਆਂ ਆਦਿ 'ਚ ਲੱਦ ਕੇ ਅਵਾਰਾ ਡੰਗਰ ਛੱਡ ਗਏ ਹਨ, ਜਿਨ੍ਹਾਂ 'ਚ ਬਹੁਤੇ ਖੁੰਖਾਰੂ ਢੱਠੇ ਹਨ | ਇਹ ਜਾਨਵਰ ਗੰਦਗੀ ਦੇ ਢੇਰਾਂ ਦੇ ਨਾਲ ਹੀ ਸਬਜ਼ੀ ਵਾਲੀਆਂ ਰੇਹੜੀਆਂ 'ਤੇ ਵੀ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਅਤੇ ਕਈ ਵਾਰ ਰੇਹੜੀ ਮਾਲਕਾਂ ਵਲੋਂ ਭਜਾਉਣ 'ਤੇ ਰਾਹ ਜਾਂਦੇ ਕਿਸੇ ਵਹੀਕਲ ਜਾਂ ਰਾਹਗੀਰਾਂ ਨਾਲ ਟਕਰਾਅ ਜਾਂਦੇ ਹਨ | ਇਸੇ ਤਰ੍ਹਾਂ ਕੁੱਤਿਆਂ ਦੇ ਝੁੰਡ ਵੀ ਗਲੀ-ਮੁਹੱਲਿਆਂ 'ਚ ਆਮ ਵੇਖੇ ਜਾ ਸਕਦੇ ਹਨ | ਖ਼ਾਸ ਕਰ ਕੇ ਵੀ.ਵੀ.ਆਈ.ਪੀ. ਰੋਡ 'ਤੇ ਇਨ੍ਹਾਂ ਦੀ ਗਿਣਤੀ ਵੱਧ ਹੈ, ਵੀ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ ਅਤੇ ਇਹ ਵਹੀਕਲਾਂ ਦੇ ਮਗਰ ਭੌਂਕਦੇ ਹੋਏ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ | ਜ਼ਿਕਰਯੋਗ ਹੈ ਕਿ ਕੁਝ ਦਿਨਾਂ ਬਾਅਦ ਅਵਾਰਾ ਜਾਨਵਰਾਂ ਕਾਰਨ ਹਾਦਸਾ ਹੋ ਜਾਂਦਾ ਹੈ, ਜਿਸ ਕਰ ਕੇ ਕਈ ਨੌਜਵਾਨ ਅਜਾਈ ਜਾਨਾਂ ਗੁਆ ਚੁੱਕੇ ਹਨ ਅਤੇ ਕਾਫ਼ੀ ਜਣੇ ਜ਼ਖ਼ਮੀ ਹੋਣ ਉਪਰੰਤ ਸਰੀਰਕ ਅੰਗਾਂ ਤੋਂ ਵਾਂਝੇ ਹੋ ਗਏ ਹਨ | ਸ਼ਹਿਰੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਦਾ ਸ਼ਿਕਾਰ ਨਾ ਹੋਣ |