ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਦੀਵਾਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਵਕ ਮਨਾਉਣ ਦੇ ਮਕਸਦ ਨਾਲ ਮਾਨਸਾ ਜ਼ਿਲੇ੍ਹ ਦੀਆਂ ਤਿੰਨੇ ਸਬ ਡਵੀਜ਼ਨਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੇ ਕਸਬਿਆਂ 'ਚ ਪੈਂਦੀਆਂ ਸੰਵੇਦਨਸ਼ੀਲ ਥਾਵਾਂ, ਭੀੜ ਭੜੱਕੇ ਵਾਲੇ ਬਾਜ਼ਾਰਾਂ ਦੇ ਖੇਤਰਾਂ 'ਚ ਪੁਲਿਸ ਵਲੋਂ ਫਲੈਗ ਮਾਰਚ ਕੱਢੇ ਗਏ | ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਮਾਨਸਾ ਅਨੁਸਾਰ ਇਨ੍ਹਾਂ ਦਾ ਮੁੱਖ ਮਕਸਦ ਜ਼ਿਲੇ੍ਹ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਦੀਵਾਲੀ ਦੇ ਤਿਉਹਾਰ ਨੂੰ ਨਿਰਵਿਘਨ ਅਤੇ ਅਮਨ ਸ਼ਾਂਤੀ ਨਾਲ ਨੇਪਰੇ ਚਾੜ੍ਹਨਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਫਲੈਗ ਮਾਰਚਾਂ 'ਚ ਉਨ੍ਹਾਂ ਸਮੇਤ 2 ਐੱਸ.ਪੀ, 7 ਡੀ.ਐੱਸ.ਪੀ, 12 ਮੁੱਖ ਅਫ਼ਸਰਾਂ ਤੋਂ ਇਲਾਵਾ 361 ਕਰਮਚਾਰੀ ਸ਼ਾਮਿਲ ਹੋਏ | ਮਾਨਸਾ ਸ਼ਹਿਰ ਵਿਖੇ ਐਸ.ਐਸ.ਪੀ. ਦੀ ਅਗਵਾਈ 'ਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਭੰਗ ਨਹੀ ਕਰਨ ਦਿੱਤਾ ਜਾਵੇਗਾ | ਜਿੱਥੇ ਅਮਨ ਪਸੰਦ ਵਿਅਕਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਉੱਥੇ ਹੁੱਲੜਬਾਜ਼ਾਂ ਨੂੰ ਕਿਸੇ ਵੀ ਕੀਮਤ 'ਤੇ ਹੁੱਲੜਬਾਜ਼ੀ ਜਾਂ ਸ਼ਰਾਰਤ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਦਿੰਦੇ ਹੋਏ ਬਿਨਾਂ ਕਿਸੇ ਡਰ, ਭੈਅ ਤੋਂ ਤਿਉਹਾਰ ਮਨਾਉਣ | ਇਸ ਮੌਕੇ ਡੀ.ਐਸ.ਪੀ. ਬੂਟਾ ਸਿੰਘ ਗਿੱਲ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ, ਥਾਣਾ ਸ਼ਹਿਰੀ-2 ਦੇ ਮੁਖੀ ਗੁਰਤੇਜ ਸਿੰਘ ਮਾਨਖੇੜਾ, ਸਬ ਇੰਸਪੈਕਟਰ ਬਲਵੀਰ ਸਿੰਘ ਤੇ ਅਮਰੀਕ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ |
ਝੁਨੀਰ ਵਿਖੇ ਵੀ ਫਲੈਗ ਮਾਰਚ ਕੱਢਿਆ
-ਪੱਤਰਕਾਰ ਸੰਜੀਵ ਸਿੰਗਲਾ ਅਨੁਸਾਰ ਝੁਨੀਰ ਵਿਖੇ ਮਨਜੀਤ ਸਿੰਘ ਡੀ.ਐਸ.ਪੀ. ਸਰਦੂਲਗੜ੍ਹ ਅਤੇ ਥਾਣਾ ਮੁਖੀ ਝੁਨੀਰ ਅੰਗਰੇਜ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ | ਉਨ੍ਹਾਂ ਨੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਬਿਨਾ ਕਿਸੇ ਡਰ ਭੈਅ ਤੋਂ ਦੀਵਾਲੀ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾਉਣ | ਉਨ੍ਹਾਂ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਹੁਕਮਾਂ ਅਨੁਸਾਰ ਨਿਰਧਾਰਿਤ ਥਾਵਾਂ 'ਤੇ ਹੀ ਪਟਾਕੇ ਲਗਾਏ ਜਾਣ ਤਾਂ ਜੋ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ |
ਦੀਵਾਲੀ ਦੇ ਤਿਉਹਾਰ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਪੁਲਿਸ ਨੇ ਕੱਢੇ ਫਲੈਗ ਮਾਰਚ
ਅਜੀਤ ਡੈਸਕ
19-10-2025