ਬਠਿੰਡਾ, 18 ਅਕਤੂਬਰ (ਪ. ਪ.): ਸੈਂਟਰਲ ਜੇਲ੍ਹ ਅਤੇ ਔਰਤਾਂ ਵਾਲੀ ਜੇਲ੍ਹ ਬਠਿੰਡਾ ਵਿਚ ਕਰੁਨੇਸ਼ ਕੁਮਾਰ ਜ਼ਿਲ੍ਹਾ ਅਤੇ ਸੈਸਨ ਜੱਜ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਬਲਜਿੰਦਰ ਕੌਰ ਮਾਨ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਾਨੂੰਨੀ ਜਾਗਰੂਕਤਾ ਸੈਮੀਨਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਜੇਲ੍ਹ ਦੇ ਸਾਰੇ ਵਾਰਡਾਂ ਦਾ ਦੌਰਾ ਕਰਕੇ ਜਿੱਥੇ ਔਰਤਾਂ ਅਤੇ ਮਰਦ ਕੈਦੀਆਂ ਨਾਲ ਮੁਲਾਕਾਤ ਕੀਤੀ, ਉੱਥੇ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਉਨ੍ਹਾਂ ਕੈਦੀਆਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਇਸ ਮੌਕੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਜੇਲ੍ਹ ਦੇ ਕੈਦੀਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨਾਲ ਸਮਾਗਮ ਦਾ ਮਾਹੌਲ ਖ਼ੁਸ਼ਗਵਾਰ ਹੋ ਗਿਆ | ਇਸ ਮੌਕੇ ਸਾਰੇ ਕੈਦੀਆਂ ਨੂੰ ਮਿਠਾਈ ਵੰਡ ਕੇ ਦੀਵਾਲੀ ਦੀ ਵਧਾਈ ਵੀ ਦਿੱਤੀ ਗਈ |ਇਸ ਸਮਾਗਮ ਵਿਚ ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਅਤੇ ਜੇਲ੍ਹ ਸਟਾਫ਼ ਵੀ ਹਾਜ਼ਰ ਸਨ, ਜਿਨ੍ਹਾਂ ਇਸ ਪ੍ਰੋਗਰਾਮ ਦੀ ਸਰਾਹਨਾ ਕੀਤੀ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤੇ ਜਾ ਰਹੇ ਮਨੁੱਖਤਾ ਭਰੇ ਯਤਨਾਂ ਦੀ ਪ੍ਰਸ਼ੰਸਾ ਕੀਤੀ |