ਮਾਨਸਾ, 4 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੁਲਿਸ ਰੇਂਜ ਬਠਿੰਡਾ ਦੇ ਡੀ.ਆਈ.ਜੀ. ਹਰਜੀਤ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਪਿਛਲੇ ਦਿਨੀਂ ਮਾਨਸਾ ਸ਼ਹਿਰ 'ਚ ਦੁਕਾਨਦਾਰ 'ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੂਰਨ ਇਨਸਾਫ਼ ਦਿਵਾਇਆ ਜਾਵੇਗਾ | ਉਨ੍ਹਾਂ ਇਸ ਘਟਨਾ ਦੇ ਮੱਦੇਨਜ਼ਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਮੌਕੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ | ਦੱਸਣਯੋਗ ਹੈ ਕਿ ਲੰਘੀ 28 ਅਕਤੂਬਰ ਨੂੰ ਉੱਘੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ ਸੀ | ਪੁਲਿਸ ਪ੍ਰਸ਼ਾਸਨ ਵਲੋਂ ਭਾਵੇਂ ਕਥਿਤ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਪਰ ਪਰਿਵਾਰ ਤੇ ਸੰਘਰਸ਼ ਕਮੇਟੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਸਾਜ਼ਿਸ਼ਘਾੜੇ ਨੂੰ ਸਾਹਮਣੇ ਲਿਆਂਦਾ ਜਾਵੇ | ਇਸੇ ਦੇ ਮੱਦੇਨਜ਼ਰ ਡੀ.ਆਈ.ਜੀ. ਵਿਸ਼ੇਸ਼ ਤੌਰ 'ਤੇ ਪਹੁੰਚੇ | ਸੰਘਰਸ਼ਕਾਰੀਆਂ ਨੇ ਮੰਗ ਕੀਤੀ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਦਾ ਮਿਲਾਣ ਸੀ.ਸੀ.ਟੀ.ਵੀ. ਕੈਮਰਿਆਂ 'ਚ ਆਈਆਂ ਤਸਵੀਰਾਂ ਨਾਲ ਕੀਤਾ ਜਾਵੇ, ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਹੀ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਸਾਜ਼ਿਸ਼ਕਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਅਧਿਕਾਰੀ ਨੇ ਭਰੋਸਾ ਦਿਵਾਇਆ ਕਿ 7 ਦਿਨਾਂ ਦੇ ਅੰਦਰ-ਅੰਦਰ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ | ਭਰੋਸੇ ਉਪਰੰਤ ਇਕ ਵਾਰ ਐਲਾਨੇ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਵਪਾਰੀ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਭਾਜਪਾ ਆਗੂ ਸਮੀਰ ਛਾਬੜਾ ਤੇ ਸਤੀਸ਼ ਗੋਇਲ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ, ਸੀ.ਪੀ.ਆਈ. ਦੇ ਕ੍ਰਿਸ਼ਨ ਚੌਹਾਨ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਬਲਜੀਤ ਸ਼ਰਮਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਧੰਨਾ ਮੱਲ ਗੋਇਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਜਤਿੰਦਰ ਆਗਰਾ, ਹਰਵਿੰਦਰ ਭਾਰਦਵਾਜ, ਅੰਕੁਸ਼ ਜਿੰਦਲ, ਰਾਜੇਸ਼ ਕੁਮਾਰ, ਪ੍ਰਵੀਨ ਕੁਮਾਰ, ਕਰਨੈਲ ਸਿੰਘ ਮੂਲੇਵਾਲੀਆ, ਆਤਮਾ ਸਿੰਘ ਪਮਾਰ, ਮਾਨਿਕ ਗੋਇਲ ਆਦਿ ਹਾਜ਼ਰ ਸਨ |