ਮਾਨਸਾ, 24 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹੇ ਵਿਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਰ.ਐਮ. ਸਕੀਮ ਅਧੀਨ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਐਸ.ਸੀ. ਸ਼ੇ੍ਰਣੀ ਤਹਿਤ ਖੇਤੀਬਾੜੀ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਵਲੋਂ ਡਰਾਅ ਕੱਢੇ ਗਏ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਕਰਾਪ ਰੈਜ਼ੀਡਿਊ ਮੈਨੇਜਮੈਂਟ (ਸੀ.ਆਰ.ਐੱਮ.) ਸਕੀਮ 2025-26 ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ 'ਤੇ 23 ਅਕਤੂਬਰ ਤੋਂ 3 ਨਵੰਬਰ ਤੱਕ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਉਪਲਬਧ ਫੰਡਜ਼ ਅਤੇ ਟੀਚਿਆਂ ਅਨੁਸਾਰ ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਵਲੋਂ ਪ੍ਰਾਪਤ ਅਰਜ਼ੀਆਂ ਦਾ ਡਰਾਅ ਕੱਢਦੇ ਹੋਏ 79 ਸੁਪਰ ਸੀਡਰ ਖ਼ਰੀਦਣ ਲਈ 95 ਲੱਖ 61 ਹਜ਼ਾਰ 800 ਅਤੇ 7 ਕਸਟਮ ਹਾਇਰਿੰਗ ਗਰੁੱਪਾਂ ਨੂੰ ਮਸ਼ੀਨਾਂ ਖ਼ਰੀਦਣ ਲਈ 1 ਕਰੋੜ 68 ਲੱਖ, 77 ਹਜ਼ਾਰ 200 ਰੁਪਏ ਦੀ ਮਸ਼ੀਨਰੀ ਦੀ ਖ਼ਰੀਦ ਕਰਨ ਲਈ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ | ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਿਨਾਂ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਪਰਾਲੀ ਦਾ ਖੇਤ ਵਿਚ ਹੀ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਅਧੀਨ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ-ਅੰਦਰ ਮਸ਼ੀਨਾਂ ਖ਼ਰੀਦਣ ਦਾ ਸਮਾਂ ਦਿੱਤਾ ਗਿਆ ਹੈ | ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਬਿਨੈਕਾਰਾਂ ਦੀਆਂ ਬਲਾਕ ਪੱਧਰ 'ਤੇ ਅਰਜ਼ੀਆਂ ਵੈਰੀਫਾਈ ਕੀਤੀਆਂ ਜਾਣਗੀਆਂ ਅਤੇ ਵੈਰੀਫਿਕੇਸ਼ਨ ਉਪਰੰਤ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕੀਤੇ ਜਾਣਗੇ | ਕਸਟਮ ਹਾਇਰਿੰਗ ਸੈਂਟਰ ਦੇ ਲਾਭਪਾਤਰੀਆਂ ਦੀ ਸਬਸਿਡੀ 5 ਸਾਲਾਂ ਲਈ ਬੈਂਕ ਵਿਚ ਫਰੀਜ਼ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਹਾਇਕ ਪੋ੍ਰਫੈਸਰ ਕੇ.ਵੀ.ਕੇ., ਡਾ. ਅਲੋਕ ਗੁਪਤਾ, ਚੀਫ਼ ਮੈਨੇਜਰ ਐਸ.ਬੀ.ਆਈ. ਦਲੀਪ ਕੁਮਾਰ, ਨਿਰੀਖਕ ਸਹਿਕਾਰੀ ਸਭਾਵਾਂ ਜਗਤਾਰ ਸਿੰਘ, ਡੀ.ਪੀ.ਡੀ. ਆਤਮਾ ਚਮਨਦੀਪ ਸਿੰਘ, ਕਮੇਟੀ ਮੈਂਬਰ ਦੀਦਾਰ ਸਿੰਘ ਭੈਣੀਬਾਘਾ ਆਦਿ ਹਾਜ਼ਰ ਸਨ |
ਸਬਸਿਡੀ 'ਤੇ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਡਰਾਅ ਕੱਢੇ
ਅਜੀਤ ਡੈਸਕ
25-11-2025