ਬਠਿੰਡਾ, 5 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਇਕਾਈ ਬਠਿੰਡਾ ਵਲੋਂ ਅੰਤਰਾਸ਼ਟਰੀ ਅੰਗਹੀਣਤਾ ਦਿਵਸ ਟੀਚਰਜ਼ ਹੋਮ ਬਠਿੰਡਾ ਵਿਖੇ ਮਨਾਇਆ ਗਿਆ | ਇਸ ਦੌਰਾਨ ਵੱਡੀ ਗਿਣਤੀ ਵਿਚ ਅੰਗਹੀਣਾਂ ਨੇ ਸ਼ਮੂਲੀਅਤ ਕੀਤੀ ਤੇ ਅੰਗਹੀਣ ਵਿਅਕਤੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਰੇਲਵੇ ਪਾਸ, ਪੈਨਸ਼ਨਾਂ ਦੇ ਫਾਰਮ ਆਦਿ ਵੀ ਭਰਵਾਏ ਗਏ | ਇਸ ਸਮਾਗਮ 'ਚ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਇਕਾਈ ਮਾਨਸਾ ਤੋਂ ਭੀਮ ਸਿੰਘ, ਗੁਰਜੰਟ ਸਿੰਘ ਪੀ.ਆਰ.ਟੀ.ਸੀ. ਅਤੇ ਓਮ ਪ੍ਰਕਾਸ਼ ਪ੍ਰਧਾਨ ਪਛੜਿਆ ਵਰਗ ਮੋਰਚਾ ਪੰਜਾਬ ਇਕਾਈ ਬਠਿੰਡਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਾਰੇ ਸਮਾਗਮ ਦੀ ਪ੍ਰਧਾਨਗੀ ਸਤਨਾਮ ਸਿੰਘ ਜ਼ਿਲਾ ਪ੍ਰਧਾਨ ਵਲੋਂ ਕੀਤੀ ਗਈ | ਇਸ ਮੌਕੇ ਲਾਭ ਸਿੰਘ ਬੰਬੀਹਾ ਵਿੱਤ ਸਕੱਤਰ, ਬਲਕਰਨ ਸਿੰਘ ਸੀਨੀ: ਮੀਤ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੰਗਹੀਣ ਵਰਗ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ | ਜਿਸ ਕਾਰਨ ਇਸ ਵਰਗ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨਾਂ ਸਰਕਾਰ ਤੋ ਮੰਗ ਕੀਤੀ ਕਿ ਅੰਗਹੀਣਾਂ ਦਾ ਸਰਕਾਰੀ ਨੌਕਰੀਆਂ ਵਿਚ ਰਹਿੰਦਾ ਬੈਕਲਾਗ ਤੁਰੰਤ ਭਰਿਆ ਜਾਵੇ, ਪੈਨਸ਼ਨ 5000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਅੰਗਹੀਣਾਂ ਨੂੰ ਬਿਨਾਂ ਵਿਆਜ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇ, 2016 ਦੇ ਐਕਟ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇ, ਅੰਗਹੀਣਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਸਰਕਾਰੀ ਇਮਾਰਤਾਂ ਵਿਚ ਰੈਪ ਅਤੇ ਵੀਲਚੇਅਰ ਦੀ ਸਹੂਲਤ ਦਿੱਤੀ ਜਾਵੇ, ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ, ਸਰਕਾਰੀ ਹਸਪਤਾਲਾਂ ਵਿਚ ਸਾਰਾ ਇਲਾਜ ਅਤੇ ਟੈੱਸਟ ਫ਼੍ਰੀ ਕੀਤੇ ਜਾਣ, ਅੰਗਹੀਣਾਂ ਨੂੰ ਮਿਲਦਾ ਬੈਟਰੀ ਵਾਲਾ ਟਰਾਈ-ਸਾਇਕਲ 60 ਫ਼ੀਸਦੀ ਅੰਗਹੀਣ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਰਿਪੇਅਰ ਦਾ ਇੰਤਜ਼ਾਮ ਜ਼ਿਲਾ ਲੈਵਲ ਉਪਰ ਕਰਵਾਇਆ ਜਾਵੇ | ਇਸ ਮੌਕੇ ਸ਼ਿਵਰਾਜ ਸਿੰਘ ਮਛਾਣਾ, ਵੀਰਪਾਲ ਕੌਰ ਨੇਹੀਆਂਵਾਲਾ, ਹਰਭਜਨ ਸਿੰਘ ਫ਼ਰੀਦਕੋਟ ਕੋਟਲੀ, ਬਲਵੀਰ ਸਿੰਘ ਜੋਗਾਨੰਦ, ਸ਼ਮਸ਼ਾਦ ਖਾਨ ਗਹਿਰੀ ਭਾਗੀ, ਨਸੀਬ ਖਾਨ ਚੱਕ ਅਤਰ ਸਿੰਘ ਵਾਲਾ, ਐਸ.ਪੀ. ਸਿੰਘ ਭੁੱਚੋ, ਵੀਰ ਸਿੰਘ ਜੋਧਪੁਰ ਰੋਮਾਣਾ, ਸੰਦੀਪ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ |