ਕਪੂਰਥਲਾ, 31 ਮਈ (ਅਮਰਜੀਤ ਕੋਮਲ)-ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਤੇ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਮਨੋਰਥ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮੌਕ ਡਰਿੱਲ ਕਰਵਾਈ ਗਈ | ਇਸ ਮੌਕੇ ਸੰਭਾਵੀ ਡਰੋਨ ਹਮਲਿਆਂ ਕਾਰਨ ਅੱਗ ਲੱਗਣ ਤੋਂ ਬਾਅਦ ਸਥਿੱਤੀ ਨੂੰ ਸੰਭਾਲਣ ਤੇ ਬਚਾਅ ਕਾਰਜਾਂ ਸਬੰਧੀ ਅਭਿਆਸ ਕਰਵਾਇਆ ਗਿਆ | ਮੌਕ ਡਰਿੱਲ ਦੌਰਾਨ ਡਰੋਨ ਹਮਲੇ ਤੋਂ ਤੁਰੰਤ ਬਾਅਦ ਹੂਟਰ ਵਜਾ ਕੇ ਲੋਕਾਂ ਨੂੰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ ਤੇ ਸੰਭਾਵੀ ਅੱਗ ਲੱਗਣ ਪਿੱਛੋਂ ਫਾਇਰ ਬਿ੍ਗੇਡ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਇਸੇ ਦੌਰਾਨ ਹੀ ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਵਲੋਂ ਸੰਭਾਵੀ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਵਿਸ਼ਾਲ ਵਟਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਵਿਚ ਕਰਵਾਈ ਗਈ ਮੌਕ ਡਰਿੱਲ ਵਿਚ ਸਿਵਲ ਪ੍ਰਸ਼ਾਸਨ, ਮਾਲ ਵਿਭਾਗ, ਫਾਇਰਬਿ੍ਗੇਡ, ਐਨ.ਡੀ.ਆਰ.ਐਫ. ਤੇ ਐਸ.ਡੀ.ਆਰ.ਐਫ ਦੀਆਂ ਟੀਮਾਂ ਨੇ ਭਾਗ ਲਿਆ |
ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕਰਵਾਈ ਮੌਕ ਡਰਿੱਲ
ਅਜੀਤ ਡੈਸਕ
01-06-2025