ਸੁਲਤਾਨਪੁਰ ਲੋਧੀ, 31 ਮਈ (ਨਰੇਸ਼ ਹੈਪੀ)-ਸੰਤ ਅਵਤਾਰ ਸਿੰਘ ਦੀ 37ਵੀਂ ਬਰਸੀ ਨੂੰ ਸਮਰਪਿਤ ਖੇਡ ਮੇਲੇ ਦੌਰਾਨ ਹਾਕੀ ਦੇ ਦੋ ਦਿਨ ਚੱਲੇ ਮੁਕਾਬਲਿਆਂ ਵਿੱਚ ਜੂਨੀਅਰ ਦੀਆਂ 15 ਟੀਮਾਂ ਤੇ ਸੀਨੀਅਰ ਵਰਗ ਦੀਆਂ 17 ਟੀਮਾਂ ਨੇ ਹਿੱਸਾ ਲਿਆ | ਪਹਿਲੇ ਦਿਨ ਦੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਪਹੁੰਚੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਜੂਨੀਅਰ ਵਰਗ ਦੇ ਮੁਕਾਬਲੇ ਐਸਟੋਰਫ 'ਤੇ ਹੋਏ ਜਦ ਕਿ ਸੀਨੀਅਰ ਟੀਮਾਂ ਦੇ ਮੁਕਾਬਲੇ ਕੱਚੀ ਗਰਾਊਾਡ 'ਤੇ ਹੋਏ | ਇਹਨਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ ਤੋਂ ਇਲਾਵਾ ਯੂ. ਪੀ, ਹਰਿਆਣਾ ਤੇ ਜੰਮੂ ਤੋਂ ਵੀ ਟੀਮਾਂ ਆਈਆਂ ਹੋਈਆਂ ਸਨ | ਦੇਰ ਰਾਤ ਚੱਲੇ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਜੂਨੀਅਰ ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਤੇ ਸੀਨੀਅਰ ਟੀਮਾਂ ਫਸਵੇਂ ਮੈਚ ਵਿੱਚ ਦੋਆਬਾ ਵਾਰੀਅਰ ਜਲੰਧਰ ਦੀ ਟੀਮ ਪਹਿਲੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਲੋਪੋਂ ਮੋਗਾ ਦੀ ਟੀਮ ਜੂਨੀਅਰ ਮੁਕਾਬਲਿਆਂ ਵਿੱਚ ਦੂਜੇ ਸਥਾਨ 'ਤੇ ਸੀਨੀਅਰ ਵਿੱਚ ਖੁਸਰੋਪੁਰ ਦੀ ਟੀਮ ਰਹੀ | ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖਿਡਾਰੀਆਂ ਵਿੱਚ ਮਿਲਵਰਤਣ ਦੀ ਜਿਹੜੀ ਭਾਵਨਾ ਹੁੰਦੀ ਹੈ, ਅਸਲ ਵਿੱਚ ਉਹੀ ਉਸ ਨੂੰ ਜਿੱਤ ਦੁਆਉਣ ਵਿੱਚ ਸਹਾਈ ਹੁੰਦੀ ਹੈ | ਸੰਤ ਸੀਚੇਵਾਲ ਨੇ ਦੂਜੇ ਸਥਾਨ 'ਤੇ ਰਹਿਣ ਵਾਲੀ ਤੇ ਆਈਆਂ ਟੀਮਾਂ ਦੇ ਖਿਡਾਰੀਆਂ ਦਾ ਵੀ ਹੌਸਲਾ ਬੁਲੰਦ ਕੀਤਾ | ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ | ਇਨ੍ਹਾਂ ਮੈਚਾਂ ਨੂੰ ਕਰਵਾਉਣ ਲਈ ਰੈਫ਼ਰੀਆਂ ਦੀ ਡਿਊਟੀ ਨਿਭਾਉਣ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ |