ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਵਲੋਂ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਇੱਕ ਲੜਕੀ ਨੂੰ ਧੋਖੇ 'ਚ ਰੱਖ ਕੇ ਦੂਸਰਾ ਵਿਆਹ ਕਰਵਾਉਣ ਤੇ ਉਸ ਦੇ ਗਹਿਣੇ ਤੇ ਪੈਸੇ ਹੜੱਪਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਨੌਜਵਾਨ ਖਿਲਾਫ਼ ਧਾਰਾ 318(4), 82(1) ਬੀਐਨਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਪਰਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਕਿਸ਼ਨਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਜਸਪ੍ਰੀਤ ਕੌਰ ਜੋ ਕਿ ਇੰਗਲੈਂਡ ਦੀ ਸਿਟੀਜ਼ਨ ਹੈ ਜਿੱਥੇ ਉਸ ਦੀ ਹਸਨ ਮਾਣਕ ਉਰਫ਼ ਹਸਨ ਖਾਨ ਪੁੱਤਰ ਭੋਲਾ ਖਾਨ ਵਾਸੀ ਸੈਦੋ ਕੇ ਥਾਣਾ ਨਿਹਾਲਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਨਾਲ ਜਾਣ ਪਛਾਣ ਹੋ ਗਈ ਤੇ ਆਪਸ 'ਚ ਸੋਸ਼ਲ ਮੀਡੀਆ 'ਤੇ ਗੱਲਬਾਤ ਕਰਨ ਲੱਗ ਪਏ | ਜਿਸ ਤੋਂ ਬਾਅਦ ਹਸਨ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਜਸਪ੍ਰੀਤ ਕੌਰ ਨੂੰ ਵਿਆਹ ਕਰਵਾਉਣ ਬਾਰੇ ਪੁੱਛਿਆ ਤਾਂ ਉਹ ਰਾਜੀ ਹੋ ਗਈ | ਸਹਿਮਤੀ ਤੋਂ ਬਾਅਦ ਇਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਖ਼ਰੀਦਦਾਰੀ ਕੀਤੀ ਤੇ ਵਿਆਹ ਦਾ ਸਮਾਗਮ ਕੀਤਾ ਗਿਆ ਜਿਸ ਤੋਂ ਬਾਅਦ ਹਸਨ ਦੀ ਪਹਿਲੀ ਪਤਨੀ ਮਨਦੀਪ ਕੌਰ ਨੇ ਇਸ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ | ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਤਾਂ ਉਨ੍ਹਾਂ ਇਹ ਦਰਖ਼ਾਸਤ ਐਸ.ਪੀ. ਫਗਵਾੜਾ ਨੂੰ ਦਿੱਤੀ | ਜਿਸ ਤੋਂ ਬਾਅਦ ਡੀ. ਐਸ. ਪੀ. ਫਗਵਾੜਾ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਜਿਸ 'ਚ ਸਾਹਮਣੇ ਆਇਆ ਕਿ ਹਸਨ ਮਾਣਕ ਨੇ ਜਸਪ੍ਰੀਤ ਕੌਰ ਨੂੰ ਧੋਖੇ 'ਚ ਰੱਖ ਕੇ ਸ਼ਾਦੀ ਸ਼ੁਦਾ ਹੁੰਦੇ ਹੋਏ ਦੂਸਰਾ ਵਿਆਹ ਕਰਵਾ ਕੇ ਉਸ ਕੋਲੋਂ ਸੋਨੇ ਦੇ ਗਹਿਣੇ ਤੇ ਪੈਸੇ ਹੜੱਪ ਲਏ | ਜਿਸ ਸਬੰਧ 'ਚ ਪੁਲਿਸ ਨੇ ਮਾਣਕ ਉਰਫ਼ ਹਸਤਨ ਖਾਨ ਪੁੱਤਰ ਭੋਲਾ ਖਾਨ ਵਾਸੀ ਸੈਦੋ ਕੇ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਖਿਲਾਫ਼ ਕੇਸ ਦਰਜ ਕੀਤਾ ਹੈ |