ਢਿਲਵਾਂ, 31 ਮਈ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਕੇਂਦਰ ਸਰਕਾਰ ਵੱਲੋਂ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਐਮ. ਐਸ. ਪੀ. ਵਿਚ ਕੇਵਲ 69 ਰੁਪਏ ਦਾ ਵਾਧਾ ਕੀਤਾ ਗਿਆ ਹੈ ਜੋ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ | ਇਹਨਾਂ ਗੱਲਾਂ ਦਾ ਪ੍ਰਗਟਾਵਾ ਸਤਪਾਲ ਸਿੰਘ ਤਾਜਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਢਿਲਵਾਂ ਨੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜਿਵੇਂ ਖਾਦ, ਸਪਰੇਆਂ, ਪੈਸਟੀਸਾਈਡ ਡੀਜ਼ਲ ਖੇਤੀ ਮਸ਼ੀਨਰੀ ਅਤੇ ਹੋਰ ਇਨਪੁੱਟਸ ਦੇ ਰੇਟ ਵਧੇ ਹਨ ਉਸੇ ਹਿਸਾਬ ਦੇ ਨਾਲ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦਿਆਂ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 4000 ਰੁਪਏ ਪ੍ਰਤੀ ਕੁਇੰਟਲ ਮਿੱਥਣਾ ਚਾਹੀਦਾ ਹੈ | ਇਸ 69 ਰੁਪਏ ਪ੍ਰਤੀ ਕੁਇੰਟਲ ਦੇ ਨਿਗੂਣੇ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੂਲੋਂ ਰੱਦ ਕਰਦੀ ਹੈ ਅਤੇ ਬਹੁਤ ਘੱਟ ਰੇਟ ਵਧਾਉਣ ਕਰਕੇ ਕੇਂਦਰ ਸਰਕਾਰ ਦੀ ਨਿਖੇਧੀ ਕਰਦੀ ਹੈ | ਲੰਘੇ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੀ ਸ਼ਹਿ ਉੱਪਰ ਝੋਨੇ ਦੇ ਮੁੱਲ ਵਿੱਚ ਕਾਟ ਲਗਾ ਕੇ ਕਿਸਾਨ ਵਿਰੋਧੀ ਲੋਭੀ ਸਰਕਾਰ ਵੱਲੋਂ ਵੱਡਾ ਆਰਥਿਕ ਘਾਟਾ ਕਿਸਾਨਾਂ ਨੂੰ ਪਾਇਆ ਗਿਆ ਸੀ, ਪਹਿਲਾਂ ਹੀ ਮੰਦੇ ਦੀ ਮਾਰ ਝੱਲ ਰਹੀ ਕਿਸਾਨੀ ਭਾਰਤ ਦੀ ਵਧ ਰਹੀ ਮਹਿੰਗਾਈ ਨਾਲ ਮੁਕਾਬਲਾ ਨਹੀਂ ਕਰ ਸਕਦੀ ਅਤੇ ਕਰਜ਼ੇ ਵਿੱਚ ਧੱਸਦੀ ਜਾ ਰਹੀ ਹੈ | ਕੇਂਦਰ ਸਰਕਾਰ ਚੋਣਾ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਸਵਾਮੀ ਨਾਥਨ ਰਿਪੋਰਟ ਦੀ ਸਿਫ਼ਾਰਿਸ਼ ਅਨੁਸਾਰ ਫ਼ਸਲਾਂ ਦੇ ਰੇਟ ਦੇਵੇ |