ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)-ਕੱਲ੍ਹ ਇੱਥੇ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿੱਤ ਪਿੰਡ ਰਿਹਾਣਾ ਜੱਟਾਂ ਵਿਖੇ ਇੱਕ ਐਚ.ਡੀ.ਐਫ਼.ਸੀ. ਬੈਂਕ ਨੂੰ ਪਿਸਤੌਲ ਦੀ ਨੌਕ 'ਤੇ ਲੁੱਟ ਕੇ ਲੈ ਜਾਣ ਦੇ ਮਾਮਲੇ 'ਚ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਨੂੰ ਕੋਈ ਪ੍ਰਾਪਤੀ ਨਹੀਂ ਹੋਈ ਹੈ ਤੇ ਪੁਲਿਸ ਹੱਥ ਕੁੱਝ ਅਹਿਮ ਸੁਰਾਗ ਜਰੂਰ ਲੱਗੇ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲਿਸ ਜਾਂਚ ਕਰ ਰਹੀ ਹੈ | ਸੰਪਰਕ ਕਰਨ 'ਤੇ ਐਸ. ਐਸ. ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧ 'ਚ ਵੱਖ-ਵੱਖ ਟੀਮਾਂ ਬਣਾ ਕੇ ਕੱਲ੍ਹ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਪੁਲਿਸ ਨੂੰ ਕੁੱਝ ਅਹਿਮ ਸੁਰਾਗ ਲੱਗ ਗਏ ਹਨ ਜਿਨ੍ਹਾਂ 'ਤੇ ਪੁਲਿਸ ਕੰਮ ਕਰ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਲੋਂ ਵਰਤੀ ਗਈ ਵਰਨਾ ਕਾਰ ਦਾ ਨੰਬਰ ਜੋ ਸਾਹਮਣੇ ਆਇਆ ਹੈ ਉਹ ਵੀ ਜਾਅਲੀ ਨਿਕਲਿਆ ਹੈ | ਪੁਲਿਸ ਵਲੋਂ ਇਸ ਸਬੰਧ 'ਚ ਥਾਣਾ ਰਾਵਲਪਿੰਡੀ ਵਿਖੇ ਧਾਰਾ 309(4) ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਰਿਹਾਣਾ ਜੱਟਾਂ ਬੈਂਕ ਵਿਖੇ 3.09 ਵਜੇ ਨਕਾਬਪੋਸ਼ ਲੁਟੇਰੇ ਬੈਂਕ 'ਚ ਦਾਖ਼ਲ ਹੋਏ ਤੇ ਉਨ੍ਹਾਂ ਬੈਂਕ ਦੇ ਸੁਰੱਖਿਆ ਗਾਰਡ ਤਰਨਜੀਤ ਸਿੰਘ ਨੂੰ ਧੱਕਾ ਮਾਰ ਦਿੱਤਾ ਤੇ ਦੋ ਲੁਟੇਰੇ ਬੈਂਕ ਮੈਨੇਜਰ ਦੇ ਦਫ਼ਤਰ 'ਚ ਜ਼ਬਰਦਸਤੀ ਦਾਖ਼ਲ ਹੋਏ | ਉਨ੍ਹਾਂ ਚੌਹਾਨ ਤੇ ਗੋਲਡ ਲੋਨ ਵਿਭਾਗ ਦੇ ਇੱਕ ਸਾਥੀ ਨੂੰ ਬੰਦੂਕ ਦੀ ਨੋਕ 'ਤੇ ਫੜ ਕੇ ਕੈਸ਼ ਕੈਬਿਨ ਦਾ ਤਾਲਾ ਖੱੁਲ੍ਹਵਾਉਣ ਲਈ ਮਬਜ਼ੂਰ ਕੀਤਾ ਤੇ ਕੈਸ਼ੀਅਰ ਲਵਪ੍ਰੀਤ ਕੌਰ ਨੂੰ ਇੱਕ ਸਾਈਡ 'ਤੇ ਜਾਣ ਲਈ ਕਿਹਾ ਜਦੋਂ ਕਿ ਲੁਟੇਰੇ ਟਰੰਕ 'ਚ ਸਟੋਰ ਕੀਤੀ 38 ਲੱਖ 34 ਹਜ਼ਾਰ 900 ਰੁਪਏ ਦੀ ਨਕਦੀ ਲੈ ਗਏ ਤੇ ਜਾਂਦੇ ਸਮੇਂ ਮੌਜੂਦ ਲੋਕਾਂ ਦੇ ਮੋਬਾਈਲ ਵੀ ਲੈ ਗਏ ਸਨ ਜਿਨ੍ਹਾਂ ਨੂੰ ਬਾਅਦ 'ਚ ਪੁਲਿਸ ਨੇ ਬਰਾਮਦ ਕਰ ਲਿਆ ਸੀ | ਘਟਨਾ ਸਮੇਂ ਬਰਾਂਚ 'ਚ ਮੈਨੇਜਰ ਰਣਜੀਤ ਚੌਹਾਨ, ਕੈਸ਼ੀਅਰ ਲਵਪ੍ਰੀਤ ਕੌਰ, ਗੋਲਡਨ ਲੋਨ ਅਫ਼ਸਰ ਸਾਜਨ, ਸਟਾਫ਼ ਮੈਂਬਰ ਪ੍ਰੀਤੀ, ਗਾਰਡ ਤਰਨਜੀਤ, ਗਾਹਕ ਈਸ਼ਵਰ ਕੁਮਾਰ ਹਾਜ਼ਰ ਸਨ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸ. ਐਸ. ਪੀ ਗੌਰਵ ਤੂਰਾ ਵਲੋਂ ਪੁਲਿਸ ਅਧਿਕਾਰੀਆਂ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਸੀ ਤੇ ਇਸ ਸਬੰਧੀ ਵੱਖ ਵੱਖ ਟੀਮਾਂ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ |