ਫਗਵਾੜਾ, 31 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ-ਜਲੰਧਰ ਸੜਕ 'ਤੇ ਪਿੰਡ ਚਹੇੜੂ ਵਿਖੇ ਰੇਲਵੇ ਓਵਰਬਿ੍ਜ ਤੋਂ ਮੋਟਰਸਾਈਕਲ ਸਵਾਰ ਇਕ ਨੌਜਵਾਨ ਪੁਲ ਤੋਂ ਹੇਠਾਂ ਰੇਲਵੇ ਲਾਈਨਾਂ 'ਤੇ ਜਾ ਡਿੱਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਚਕਨਾਚੂਰ ਹੋ ਗਿਆ ਤੇ ਉਹ ਆਪਣੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਨੇ ਦੱਸਿਆ ਕਿ ਉਕਤ ਨੌਜਵਾਨ ਜਲੰਧਰ ਤੋਂ ਫਗਵਾੜਾ ਵੱਲ ਨੂੰ ਆ ਰਿਹਾ ਸੀ ਉਹ ਪੁਲ ਤੋਂ ਹੇਠਾਂ ਕਿਵੇਂ ਡਿੱਗਿਆ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ | ਜਦੋਂ ਇਹ ਡਿੱਗਿਆ ਤਾਂ ਫਗਵਾੜਾ ਤੋਂ ਜੰਮੂ ਮਾਲਵਾ ਐਕਸਪ੍ਰੈੱਸ ਜਾ ਰਹੀ ਸੀ, ਜਿਸ ਹੇਠਾਂ ਇਸ ਦਾ ਮੋਟਰਸਾਈਕਲ ਆ ਕੇ ਚਕਨਾਚੂਰ ਹੋ ਗਿਆ ਪਰ ਇਹ ਜ਼ਖ਼ਮੀ ਹਾਲਤ 'ਚ ਲਾਗੇ ਹੀ ਡਿੱਗਿਆ ਰਿਹਾ | ਸੂਚਨਾ ਮਿਲਣ 'ਤੇ ਇਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਸ ਦੀ ਪਛਾਣ ਉਂਕਾਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਪਚਰੰਗਾ ਜਲੰਧਰ ਵਜੋਂ ਹੋਈ ਹੈ | ਇਸ ਦੇ ਵਾਰਸਾਂ ਨੂੰ ਸੂਚਿਤ ਕਰਨ ਲਈ ਕਰਮਚਾਰੀ ਭੇਜ ਦਿੱਤੇ ਗਏ ਹਨ |