ਨਡਾਲਾ, 31 ਮਈ (ਰਘਬਿੰਦਰ ਸਿੰਘ)-ਇੱਥੇ ਨੇੜਲੇ ਪਿੰਡ ਦਮੂਲੀਆ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਜੀ (ਚੱਕ ਸ਼ਾਹ ਕਾਲਾ) ਕਲੱਬ ਦਮੂਲੀਆ ਵਲੋਂ ਬਾਬਾ ਚੱਕ ਸ਼ਾਹ ਜੀ ਦੀ ਦਰਗਾਹ 'ਤੇ 20ਵਾਂ ਸਾਲਾਨਾ ਦੋ ਦਿਨਾਂ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ | ਇਸ ਦੌਰਾਨ ਮੇਲੇ ਦੇ ਪਹਿਲੇ ਦਿਨ ਸਵੇਰੇ ਝੰਡੇ ਦੀ ਰਸਮ ਅਦਾ ਕੀਤੀ ਗਈ | ਉਪਰੰਤ ਦੁਪਹਿਰ ਨੂੰ ਬਾਬਾ ਜੀ ਦੀ ਮਜ਼ਾਰ 'ਤੇ ਪ੍ਰਸਿੱਧ ਕੱਵਾਲ ਰਾਂਝਣ ਅਲੀ ਨੇ ਸੂਫ਼ੀਆਨਾ ਮਹਿਫ਼ਲ ਦੌਰਾਨ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ | ਇਸ ਤਰ੍ਹਾਂ ਮੇਲੇ ਦੇ ਦੂਜੇ ਤੇ ਅਖੀਰਲੇ ਦਿਨ ਪੰਜਾਬੀ ਗਾਇਕਾ ਹਰਮਨ ਛੱਤਾ, ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਦੀ ਜੋੜੀ ਨੇ ਆਪਣੇ ਮਕਬੂਲ ਗੀਤਾਂ ਰਾਹੀ ਆਏ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਦੌਰਾਨ ਮੇਲਾ ਪ੍ਰਬੰਧਕ ਕਮੇਟੀ ਨੇ ਜਿੱਥੇ ਸਹਿਯੋਗੀ ਸੰਗਤਾਂ ਦਾ ਮਾਨ ਸਨਮਾਨ ਕੀਤਾ, ਉੱਥੇ ਮੇਲੇ ਨੂੰ ਸਫਲ ਬਣਾਉਣ ਲਈ ਆਈ ਸੰਗਤ ਦਾ ਧੰਨਵਾਦ ਵੀ ਕੀਤਾ | ਇਸ ਮੇਲੇ ਦੌਰਾਨ ਨੇੜਲੇ ਪਿੰਡਾਂ ਦੀਆਂ ਸੰਗਤਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ, ਕੋਲਡ ਡਰਿੰਕਸ, ਜਲੇਬੀਆਂ ਤੇ ਹੋਰ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ |