ਫਗਵਾੜਾ, 1 ਜੂਨ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਨਿਗਮ ਵਲੋਂ ਇੱਕ ਨਿਵੇਕਲੀ ਸ਼ੁਰੂਆਤ ਕਰਦੇ ਹੋਏ ਸੈਕੰਡਰੀ ਡੰਪਾਂ 'ਤੇ ਇਕੱਤਰ ਹੋਣ ਵਾਲੇ ਕੂੜੇ ਨੂੰ ਐਤਵਾਰ ਨੂੰ ਵੀ ਚੁੱਕਿਆ ਗਿਆ | ਜਿਸ ਨਾਲ ਹਫ਼ਤੇ ਦੇ ਅਖੀਰਲੇ ਦਿਨਾਂ 'ਚ ਵਧਣ ਵਾਲੇ ਕੂੜੇ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ | ਸਫ਼ਾਈ ਮੁਹਿੰਮ ਦੀ ਸ਼ੁਰੂਆਤ ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਸੇਵਕ ਰਾਮ, ਸੁਪਰਵਾਈਜ਼ਰ ਜੋਗਰਾਜ ਤੇ ਹੈਲਥ ਸ਼ਾਖਾ ਦੀ ਸਮੁੱਚੀ ਟੀਮ ਦੀ ਮੌਜੂਦਗੀ 'ਚ ਗੌਰਮਿੰਟ ਸਕੂਲ ਤੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਸੈਕੰਡਰੀ ਡੰਪਾਂ ਤੋਂ ਕੂੜੇ ਦੀ ਸਫ਼ਾਈ ਕਰਵਾ ਕੇ ਕੀਤੀ ਗਈ | ਉਨ੍ਹਾਂ ਕਿਹਾ ਕਿ ਹੁਣ ਤੱਕ ਐਤਵਾਰ ਨੂੰ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਨਹੀਂ ਉਠਾਇਆ ਜਾਂਦਾ ਸੀ, ਜਿਸ ਨਾਲ ਸੈਕੰਡਰੀ ਪੁਆਇੰਟਾਂ 'ਤੇ ਕੂੜਾ ਵੱਧ ਜਾਂਦਾ ਸੀ ਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਤੋਂ ਇਹ ਸਾਰਾ ਕੁੱਝ ਬਦਲ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਤੋਂ ਨਗਰ ਨਿਗਮ ਦੀ ਟੀਮ ਐਤਵਾਰ ਨੂੰ ਵੀ ਕੰਮ ਕਰੇਗੀ ਤਾਂ ਜੋ ਸਫ਼ਾਈ ਵਿਵਸਥਾ ਨਿਰੰਤਰ ਬਣੀ ਰਹੇ | ਉਨ੍ਹਾਂ ਇਸ ਮੌਕੇ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ | ਡਾ. ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜੇ ਦੀ ਸੈਗਰੀਗੇਸ਼ਨ ਤੇ ਜਨਤਕ ਥਾਵਾਂ ਨੂੰ ਸਾਫ਼ ਰੱਖਣ ਵਿਚ ਪ੍ਰਸ਼ਾਸਨ ਦਾ ਸਾਥ ਦੇਣ |