ਭੁਲੱਥ, 1 ਜੂਨ (ਮਨਜੀਤ ਸਿੰਘ ਰਤਨ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਲਈ ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਾਇੰਸ ਵਿਭਾਗ ਹੈੱਡ ਅਨੀਤਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਇੰਸ ਕਲੱਬ ਨੇ ਦੂਜੇ ਵੱਡੇ ਮੈਗਾ ਸਾਇੰਸ ਟੂਰ ਦਾ ਸੰਚਾਲਨ ਕੀਤਾ | ਇਸ ਟੂਰ 'ਚ ਮੈਟਿ੍ਕ, 10 +1 ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ 10 +2 ਮੈਡੀਕਲ, ਨਾਨ ਮੈਡੀਕਲ ਤੇ ਕਾਮਰਸ ਦੇ ਲਗਭਗ 140 ਵਿਦਿਆਰਥੀਆਂ ਨੇ ਭਾਗ ਲਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਵਲੋਂ 10 ਮੈਂਬਰ ਸੀਨੀਅਰ ਸਟਾਫ਼ 'ਚੋਂ ਵੀ ਭੇਜੇ ਗਏ | ਸਾਇੰਸ ਕਲੱਬ ਦੇ ਹੈੱਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਿਹੇ ਟੂਰ ਪ੍ਰੋਗਰਾਮ ਵਿਦਿਆਰਥੀ ਅੰਦਰ ਸਾਇੰਸ ਪ੍ਰਤੀ ਵੱਧ ਤੋਂ ਵੱਧ ਰੁਝਾਨ ਪੈਦਾ ਕਰਨ ਲਈ ਸਕੂਲ ਵਲੋਂ ਆਰੰਭ ਕੀਤੇ ਗਏ ਹਨ | ਟੂਰ ਦੌਰਾਨ ਵਿਦਿਆਰਥੀਆਂ ਨੇ ਸਾਇੰਸ ਦੇ ਵੱਖ-ਵੱਖ ਮਾਡਲ, ਖੋਜਾਂ ਤੇ ਸਾਇੰਸ ਦੇ ਪ੍ਰਸਿੱਧ ਸਿਧਾਂਤਾਂ ਦੀ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਸੁਨੀਲ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਵਿਦਿਆਰਥੀਆਂ ਦੇ ਗਿਆਨ 'ਚ ਵਾਧੇ ਲਈ ਇਸ ਤੋਂ ਵੀ ਵੱਡੇ ਟੂਰ ਪ੍ਰੋਗਰਾਮ ਰੱਖੇ ਜਾਣਗੇ ਤਾਂ ਕਿ ਇਲਾਕੇ ਵਿਚ ਸਾਇੰਸ ਵਿਸ਼ੇ 'ਚ ਵੱਧ ਤੋਂ ਵੱਧ ਵਿਦਿਆਰਥੀ ਰੁਝਾਨ ਰੱਖ ਸਕਣ |