ਬੇਗੋਵਾਲ, 1 ਜੂਨ (ਸੁਖਜਿੰਦਰ ਸਿੰਘ)- ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ | ਇਸ ਸਬੰਧੀ ਕਰਵਾਏ ਜਾਂਦੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਇੱਕ ਮਹੀਨਾ ਤੋਂ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਭੋਗ ਪਾਏ ਗਏ, ਅੱਜ ਅੰਤਿਮ ਲੜੀ ਦੇ ਤਹਿਤ ਰੱਖੇ 51 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਵਲੋਂ ਸਾਨੂੰ ਜੋ ਧਾਰਮਿਕ ਰਾਜਨੀਤਕ ਸਮਾਜਿਕ ਉਨ੍ਹਾਂ ਦੀ ਸੋਚ ਮਿਲੀ ਹੈ, ਇਸ ਤਹਿਤ ਅਸੀਂ ਅੱਜ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰ ਰਹੇ ਹਾਂ | ਉਨ੍ਹਾਂ ਕਿਹਾ ਕਿ ਅੱਜ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿਚ 35 ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਉਨ੍ਹਾਂ ਨੇ ਗੁਰੂ ਵਾਲੀਆਂ ਬਣਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਨਾਮ ਬਾਣੀ ਨਾਲ ਜੋੜ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਰਹਿੰਦਿਆਂ ਸਮਾਗਮਾਂ ਬਾਰੇ ਦੱਸਿਆ ਕਿ ਕੱਲ੍ਹ 2 ਜੂਨ ਨੂੰ ਆਸਾ ਜੀ ਦੀ ਵਾਰ ਉਪਰੰਤ ਦਿਨ ਭਰ ਦੀਵਾਨ ਹਾਲ ਵਿਚ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਹੋਣਗੀਆਂ, ਇਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਇਸੇ ਤਰ੍ਹਾਂ 3 ਜੂਨ ਨੂੰ ਅੰਮਿ੍ਤ ਵੇਲੇ ਆਸਾ ਜੀ ਦੇ ਵਾਰ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਹੋਣਗੇ ਜਿਸ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀਆਂ ਤੋਂ ਇਲਾਵਾ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਜਿਨ੍ਹਾਂ 'ਚੋਂ ਜਥੇਦਾਰ ਸਾਹਿਬਾਨ ਪੁੱਜਣਗੇ ਜੋ ਸੰਗਤਾਂ ਨੂੰ ਕੌਮ ਦੇ ਨਾਂਅ 'ਤੇ ਸੰਦੇਸ਼ ਦੇਣਗੇ | ਇਸ ਤੋਂ ਪਹਿਲਾਂ ਭਾਈ ਅਜੀਤ ਸਿੰਘ ਅਕਬਰਪੁਰ ਵਾਲਿਆਂ, ਗੁਰਮੁਖ ਸਿੰਘ ਹਜ਼ੂਰੀ ਰਾਗੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਭਾਈ ਪ੍ਰਭਜੋਤ ਸਿੰਘ ਟਾਲੀ, ਭਾਈ ਗੁਰਪਿੰਦਰ ਸਿੰਘ ਬੇਗੋਵਾਲ, ਕਥਾਵਾਚਕ ਭਾਈ ਬਲਜਿੰਦਰ ਸਿੰਘ ਟਾਹਲੀ, ਭਾਈ ਪ੍ਰੇਮਜੀਤ ਸਿੰਘ ਆਦਿ ਨੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ | ਇਸ ਸਮੇਂ ਮੈਨੇਜਰ ਯੁਵਰਾਜ ਭੁਪਿੰਦਰ ਸਿੰਘ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਸਾਬਕਾ ਚੇਅਰਮੈਨ ਸਵਰਨ ਸਿੰਘ ਜੋਸ਼, ਪਰਮਿੰਦਰ ਸਿੰਘ ਹੀਰ, ਕੁਲਵੰਤ ਸਿੰਘ ਹੁੰਦਲ, ਜਸਵੰਤ ਸਿੰਘ ਫਰਾਂਸ, ਪਿ੍ੰਸੀਪਲ ਸੇਵਾ ਸਿੰਘ ਭਦਾਸ, ਬਲਵੰਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ ਪੱਪੂ, ਦਿਲਜੀਤ ਕੌਰ ਬੇਗੋਵਾਲ ਆਦਿ ਸੰਗਤਾਂ ਹਾਜ਼ਰ ਸਨ ਤੇ ਸਟੇਜ ਦੀ ਸੇਵਾ ਤਜਿੰਦਰ ਸਿੰਘ ਟਾਹਲੀ ਨੇ ਨਿਭਾਈ |