ਜਲੰਧਰ, 1 ਜੂਨ (ਸ਼ਿਵ)-ਰਮਨ ਅਰੋੜਾ ਮਾਮਲੇ 'ਚ ਵਿਜੀਲੈਂਸ ਵਲੋਂ ਕੇਂਦਰੀ ਹਲਕੇ 'ਚ ਜਿਹੜੇ ਵਿਕਾਸ ਦੇ ਕੰਮ ਕਰਵਾਏ ਕੰਮਾਂ ਦੀ ਨਿਗਮ ਵਿਚ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਵਿਚ ਕੁਟੇਸ਼ਨਾਂ 'ਤੇ ਕਰਵਾਏ ਗਏ ਕਰੋੜਾਂ ਦੇ ਕੰਮਾਂ ਦੀ ਪਰਤਾਂ ਖੁੱਲ੍ਹੀਆਂ ਸੀ ਕਿ ਨਿਗਮ ਦੀ ਓ. ਐਂਡ. ਐਮ. ਬਰਾਂਚ ਨੇ ਸਰਕਾਰ ਦੇ ਨਿਯਮਾਂ ਦੇ ਉਲਟ ਕਰੋੜਾਂ ਦੇ ਕੰਮਾਂ ਦੇ ਟੈਂਡਰ ਲਗਾਉਣ ਦੀ ਜਗਾ ਕੁਟੇਸ਼ਨਾਂ 'ਤੇ ਹੀ ਕੰਮ ਕਰਵਾ ਦਿੱਤੇ ਸਨ, ਉਸ ਦੇ ਨਾਲ ਨਿਗਮ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ | ਸਰਕਾਰ ਦੀ ਹਦਾਇਤ ਮੁਤਾਬਿਕ ਸਿਰਫ਼ ਜ਼ਰੂਰੀ ਹਲਾਤ 'ਚ ਹੀ ਢਾਈ ਲੱਖ ਤੋਂ ਲੈ ਕੇ 5 ਲੱਖ ਦਾ ਸਿਰਫ਼ ਇਕ ਸਮੇਂ ਵਿਚ ਹੀ ਕੋਈ ਕੰਮ ਕਰਵਾਇਆ ਜਾ ਸਕਦਾ ਹੈ ਪਰ ਨਿਗਮ 'ਚ ਕੁੱਝ ਸਮੇਂ ਤੋਂ ਵੱਡੇ ਕਰੋੜਾਂ ਦੇ ਕੰਮਾਂ ਵੀ ਤੋੜ ਕੇ ਕੁਟੇਸ਼ਨਾਂ 'ਤੇ ਕਰਵਾਇਆ ਗਿਆ | ਜਿਸ ਵਿਚ ਨਿਗਮ ਦਾ ਕਾਫ਼ੀ ਨੁਕਸਾਨ ਹੋਇਆ ਤੇ ਓ. ਐਂਡ. ਐਮ. ਬਰਾਂਚ ਵਲੋਂ ਜ਼ਿਆਦਾ ਗਿਣਤੀ ਵਿਚ ਕੁਟੇਸ਼ਨਾਂ 'ਤੇ ਕਰੋੜਾਂ ਦੇ ਕੰਮ ਕਰਵਾਏ ਗਏ ਜਿਹੜੇ ਕਿ ਕਿਸੇ ਵੀ ਹਾਲਤ 'ਚ ਨਹੀਂ ਕਰਵਾਏ ਜਾਣੇ ਸੀ | ਜਦੋਂ ਕੋਈ ਟੈਂਡਰ ਹੁੰਦਾ ਹੈ ਤਾਂ ਕਈ ਠੇਕੇਦਾਰ ਕੰਮ ਪਾਉਂਦੇ ਹਨ ਤਾਂ ਕੰਮ ਲੈਣ ਵੇਲੇ ਠੇਕੇਦਾਰ ਵਲੋਂ ਨਿਗਮ ਨੂੰ ਲੈਸ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਛੋਟ ਕਿਹਾ ਜਾਂਦਾ ਹੈ ਕਿ ਉਹ ਕੁੱਝ ਫ਼ੀਸਦੀ ਨਿਗਮ ਨੂੰ ਛੋਟ ਦਿੰਦੇ ਹਨ ਤੇ ਇਸ ਤਰ੍ਹਾਂ ਨਾਲ ਨਿਗਮ ਨੂੰ ਕਰੋੜਾਂ ਰੁਪਏ ਦਾ ਫ਼ਾਇਦਾ ਹੁੰਦਾ ਹੈ ਜਦਕਿ ਦੂਜੇ ਪਾਸੇ ਕੁਟੇਸ਼ਨਾਂ 'ਤੇ ਕੰਮ ਕਰਵਾਏ ਜਾਂਦੇ ਹਨ ਤੇ ਇਸ 'ਚ ਕਿਸੇ ਤਰਾਂ ਦੀ ਕੋਈ ਛੋਟ ਨਹੀਂ ਦਿੱਤੀ ਜਾਂਦੀ | ਇਸ ਨਾਲ ਨਿਗਮ ਦਾ ਨੁਕਸਾਨ ਹੋਇਆ ਹੈ | ਵਿਜੀਲੈਂਸ ਬਿਊਰੋ ਦੀ ਟੀਮ ਨੇ ਕੁੱਝ ਦਿਨ ਪਹਿਲਾਂ ਕਮਿਸ਼ਨਰ ਦੇ ਮੀਟਿੰਗ ਰੂਮ 'ਚ ਇਨ੍ਹਾਂ ਕੰਮਾਂ ਦੀ ਜਾਂਚ ਕੀਤੀ ਸੀ ਤਾਂ ਉਸ ਵੇਲੇ ਓ. ਐਂਡ. ਐਮ. 'ਚ ਸਭ ਤੋਂ ਜ਼ਿਆਦਾ ਕੁਟੇਸ਼ਨਾਂ 'ਤੇ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਸਾਹਮਣੇ ਆਈ ਸੀ | ਵੱਡੇ ਕੰਮਾਂ ਨੂੰ ਛੋਟੀਆਂ ਰਕਮਾਂ 'ਚ ਤੋੜ ਕੇ ਕਿਸੇ ਵੀ ਹਾਲਤ 'ਚ ਕੁਟੇਸ਼ਨ 'ਤੇ ਕੰਮ ਨਹੀਂ ਕਰਵਾਇਆ ਜਾ ਸਕਦਾ ਹੈ | ਹੁਣ ਜਦੋਂ ਕਿ ਵਿਜੀਲੈਂਸ ਬਿਊਰੋ ਕੁਟੇਸ਼ਨਾਂ 'ਤੇ ਕਰਵਾਏ ਗਏ ਕੰਮਾਂ ਦੀਆਂ ਜਾਂਚ ਕਰ ਰਹੀ ਹੈ ਤਾਂ ਹੁਣ ਨਿਗਮ ਵਿਚ ਇਨ੍ਹਾਂ ਕੰਮਾਂ ਨੰੂ ਬਰੇਕਾਂ ਵੀ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਨਿਗਮ ਵਿਚ ਕਈ ਅਫ਼ਸਰਾਂ ਵਲੋਂ ਕੁਟੇਸ਼ਨਾਂ 'ਤੇ ਕੰਮ ਕਰਵਾਉਣ ਤੋਂ ਹੱਥ ਖੜੇ੍ਹ ਕੀਤੇ ਜਾ ਸਕਦੇ ਹਨ ਕਿਉਂਕਿ ਇਸ ਮਾਮਲੇ ਦੀ ਅਜੇ ਲੰਬੀ ਜਾਂਚ ਹੋਣੀ ਹੈ ਤੇ ਇਸ 'ਚ ਹੋਰ ਵੀ ਕਈ ਜਾਣਕਾਰੀਆਂ ਸਾਹਮਣੇ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਟੇਸ਼ਨਾਂ 'ਤੇ ਹੋਰ ਕਿਸ ਜਗਾ 'ਤੇ ਕੰਮ ਕਰਵਾਏ ਗਏ ਹਨ ਤੇ ਕਿ ਕੁਟੇਸ਼ਨਾਂ 'ਤੇ ਇਨ੍ਹਾਂ ਕੰਮਾਂ ਨੂੰ ਕਰਵਾਉਣ ਦੀ ਕੋਈ ਐਮਰਜੰਸੀ ਸੀ ਜਾਂ ਫਿਰ ਟੈਂਡਰਾਂ ਦੀ ਜਗਾ ਕੁਟੇਸ਼ਨਾਂ 'ਤੇ ਕੰਮ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਰਹੀ ਹੈ | ਕੁੱਝ ਲੋਕ ਤਾਂ ਇਹ ਵੀ ਚਰਚਾ ਕਰ ਰਹੇ ਹਨ ਕਿ ਓ. ਐਂਡ. ਐਮ. ਬਰਾਂਚ ਵਿਚ ਕੁਟੇਸ਼ਨਾਂ 'ਤੇ ਜਿਹੜੇ ਕੰਮ ਕਰਵਾਏ ਗਏ ਦੱਸੇ ਜਾ ਰਹੇ ਹਨ, ਉਨ੍ਹਾਂ ਦੀ ਮੌਕੇ 'ਤੇ ਜਾ ਕੇ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਕਤ ਕੰਮ ਕਰਵਾਏ ਗਏ ਸਨ | ਜੇਕਰ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਸਾਹਮਣੇ ਆ ਸਕਦੀਆਂ ਹਨ ਜਿਨ੍ਹਾਂ ਨਾਲ ਕਈ ਭੇਤ ਵੀ ਖੁੱਲ ਸਕਦੇ ਹਨ | ਰਮਨ ਅਰੋੜਾ ਮਾਮਲੇ 'ਚ ਇਕ ਚਹੇਤੇ ਠੇਕੇਦਾਰ ਵਲੋਂ ਇਸ ਤਰ੍ਹਾਂ ਦੇ ਕੰਮ ਕਰਵਾਉਣ ਕਰਕੇ ਹੀ ਇਹ ਕੰਮ ਚਰਚਾ ਵਿਚ ਆ ਗਏ ਹਨ ਤੇ ਵਿਜੀਲੈਂਸ ਬਿਊਰੋ ਨੂੰ ਇਸ ਦੀ ਜਾਂਚ ਕਰਨੀ ਪਈ ਹੈ | ਵਿਜੀਲੈਂਸ ਬਿਊਰੋ ਜਿਸ ਤਰ੍ਹਾਂ ਨਾਲ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਤਾਂ ਉਹ ਕੁਟੇਸ਼ਨਾਂ ਦੇ ਕੰਮਾਂ ਬਾਰੇ ਸਥਾਨਕ ਸਰਕਾਰਾਂ ਵਿਭਾਗ ਨੂੰ ਵੀ ਇਸ ਮਾਮਲੇ ਵਿਚ ਰਿਪੋਰਟਾਂ ਭੇਜੇਗੀ ਜਿਸ ਤੋਂ ਬਾਅਦ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਹਰਕਤ ਵਿਚ ਆਉਣ ਦੀ ਸੰਭਾਵਨਾ ਹੈ |