ਭੁਲੱਥ, 2 ਜੂਨ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਬੇਗੋਵਾਲ ਦੇ ਵਸਨੀਕ ਪਵਨ ਕੁਮਾਰ ਪੁੱਤਰ ਬਲਵਿੰਦਰ ਰਾਮ ਵਲੋਂ ਥਾਣਾ ਭੁਲੱਥ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਆਪਣੀ ਪਤਨੀ ਮੰਜੂ ਨਾਲ ਆਪਣੇ ਘਰੋਂ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰ ਪੀ.ਬੀ. 0 ਏ ਜੀ 3058 'ਤੇ ਸਿਵਲ ਹਸਪਤਾਲ ਭੁਲੱਥ ਵਿਖੇ ਆਪਣੀ ਦਵਾਈ ਲੈਣ ਆਇਆ ਸੀ, ਤੇ ਉਸਨੇ ਆਪਣਾ ਮੋਟਰਸਾਈਕਲ ਸਪਲੈਂਡਰ ਬਾਹਰ ਪਾਰਕਿੰਗ ਵਿਚ ਖੜ੍ਹਾ ਕਰਕੇ ਹਸਪਤਾਲ ਦੇ ਅੰਦਰ ਚਲਾ ਗਿਆ, ਜਦੋਂ ਉਹ ਹਸਪਤਾਲ ਅੰਦਰੋਂ ਦਵਾਈ ਲੈ ਕੇ ਬਾਹਰ ਆਇਆ, ਤਾਂ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ, ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ | ਉਨ੍ਹਾਂ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ, ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਸਾਹਿਲ ਮੱਟੂ ਉਰਫ਼ ਗੁੱਦੜ ਪੁੱਤਰ ਲੈਂਬਰ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਤੇ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਜਗਤਾਰ ਸਿੰਘ ਵਾਸੀ ਤਲਵੰਡੀ ਝੰਡੇਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੇ ਚੋਰੀ ਕੀਤਾ ਹੈ | ਥਾਣਾ ਭੁਲੱਥ ਪੁਲਿਸ ਨੇ ਪਵਨ ਕੁਮਾਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਦੋਵਾਂ ਕਥਿਤ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਮਨਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |