ਭੁਲੱਥ, 2 ਜੂਨ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਮਹਿਮਦਪੁਰ, ਮੁਸਾਖੇਲ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ 16ਵਾਂ ਕਿ੍ਕਟ ਟੂਰਨਾਮੈਂਟ ਵੱਡੇ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਜਿਸ ਦਾ ਉਦਘਾਟਨ ਮਹਿੰਦਰਪਾਲ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਭਜਨ ਸਿੰਘ ਵਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਨਾਲ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰੋਪ ਵਿਚ ਵੱਸਦੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਿ੍ਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ 'ਚ ਪੰਜਾਬ ਰਾਜ ਪੱਧਰ ਦੀਆਂ ਵੱਡੀਆਂ ਕਲੱਬਾਂ ਚੰਡੀਗੜ੍ਹ, ਪਟਿਆਲਾ, ਲੁਧਿਆਣਾ, ਜਲੰਧਰ, ਅੰਮਿ੍ਤਸਰ ਆਦਿ ਸ਼ਿਰਕਤ ਕਰਨਗੀਆਂ | ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਟੂਰਨਾਮੈਂਟ ਦੀ ਸਮਾਪਤੀ ਦੇ ਮੌਕੇ 'ਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਹਜ਼ਾਰਾਂ ਦੇ ਨਗਦ ਇਨਾਮ ਤੇ ਟਰਾਫ਼ੀਆਂ ਦਿੱਤੀਆਂ ਜਾਣਗੀਆਂ ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਉਚੇਚੇ ਤੌਰ 'ਤੇ ਸਨਮਾਨ ਦਿੱਤੇ ਜਾਣਗੇ | ਟੂਰਨਾਮੈਂਟ ਪ੍ਰਬੰਧਕ ਰਣਜੀਤ ਸਿੰਘ ਰਾਣਾ, ਦਵਿੰਦਰ ਸਿੰਘ ਡਿੰਪਲ, ਜਸਵੀਰ ਸਿੰਘ ਮੰਤਰੀ ਤੇ ਨਗਰ ਪੰਚਾਇਤ ਵਲੋਂ ਖਿਡਾਰੀਆਂ ਤੇ ਦਰਸ਼ਕਾਂ ਵਾਸਤੇ ਵਧੀਆ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ 'ਤੇ ਮਹਿੰਦਰਪਾਲ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਮਹਿਮਦਪੁਰ, ਸੂਬੇਦਾਰ ਪ੍ਰਕਾਸ਼ ਸਿੰਘ, ਗਰੀਬ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਕੈਪਟਨ ਅਮਰਜੀਤ ਸਿੰਘ, ਕੈਪਟਨ ਸੂਰਤ ਸਿੰਘ, ਬਲਵੀਰ ਸਿੰਘ ਰੀਡਰ, ਜਸਵੀਰ ਸਿੰਘ ਮੈਂਬਰ ਪੰਚਾਇਤ, ਹਰਭਜਨ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਜਸਵੀਰ ਕੌਰ ਸਰਪੰਚ ਮੂਸਾ ਖੇਲ ਆਦਿ ਹਾਜ਼ਰ ਸਨ |