ਢਿਲਵਾਂ, 4 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਅਗਵਾਈ ਹੇਠ ਬਲਾਕ ਢਿਲਵਾਂ ਵਿਖੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਹਾਈਪਰਟੇਂਸ਼ਨ ਦੇ ਲੱਛਣਾਂ ਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਹਾਈਪਰਟੈਨਸ਼ਨ ਜਾਗਰੂਕਤਾ ਮੁਹਿੰਮ 17 ਜੂਨ ਤੱਕ ਮਨਾਇਆ ਜਾਣਾ ਹੈ | ਜਿਸ ਤਹਿਤ ਬਲਾਕ ਢਿਲਵਾਂ ਅਧੀਨ ਆਉਂਦੇ ਸਮੂਹ ਆਯੂਸ਼ਮਾਨ ਅਰੋਗਿਆ ਕੇਂਦਰ, ਆਮ ਆਦਮੀ ਕਲੀਨਿਕ ਤੇ ਪਿੰਡ ਪੱਧਰ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਆਮ ਲੋਕਾਂ ਨੂੰ ਬਲੱਡ ਪ੍ਰੈਸ਼ਰ ਸਬੰਧੀ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹਾਈਪਰਟੇਂਸ਼ਨ ਦੀ ਜਾਂਚ ਕਰਨ ਸਬੰਧੀ ਸਿਹਤ ਵਿਭਾਗ ਦੀ ਟੀਮ ਵਲੋਂ ਸਿਹਤ ਜਾਂਚ ਕੈਂਪ ਵੀ ਲਗਾਏ ਜਾ ਰਹੇ ਹਨ | ਇਸੇ ਮੌਕੇ ਢਿਲਵਾਂ ਵਿਖੇ ਆਏ ਆਮ ਲੋਕਾਂ ਤੇ ਮਰੀਜ਼ਾਂ ਨੂੰ ਬਲਾਕ ਐਕਸਟੇਸ਼ਨ ਐਜੂਕੇਟਰ ਮੋਨਿਕਾ ਵਲੋਂ ਹਾਈਪਰਟੈਨਸ਼ਨ ਮੁਹਿੰਮ ਸਬੰਧੀ ਜਾਗਰੂਕ ਕੀਤਾ | ਉਨ੍ਹਾਂ ਹਾਈਪਰਟੇਸ਼ਨ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰ ਦਰਦ, ਧੁੰਦਲਾ ਨਜ਼ਰ ਆਉਣਾ, ਨੱਕ 'ਚੋਂ ਖ਼ੂਨ ਆਉਣਾ, ਛਾਤੀ ਵਿਚ ਦਰਦ, ਸਾਹ ਲੈਣ ਵਿਚ ਤਕਲੀਫ਼, ਥਕਾਵਟ ਤੇ ਹਾਈ ਬਲੱਡ ਪ੍ਰੈਸ਼ਰ ਆਦਿ ਮੁੱਖ ਲੱਛਣ ਹਨ | ਉਨ੍ਹਾਂ ਲੋਕਾਂ ਨੂੰ ਸਮੇਂ-ਸਮੇਂ ਸਿਰ ਸਿਹਤ ਜਾਂਚ, ਜੇਕਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਸਮੇਂ ਸਮੇਂ ਸਿਰ ਨਜ਼ਦੀਕੀ ਸਿਹਤ ਕੇਂਦਰ ਤੋਂ ਬੀ.ਪੀ ਚੈੱਕ ਕਰਵਾਉਣ, ਡਾਕਟਰ ਵਲੋਂ ਦਿੱਤੀ ਬੀ.ਪੀ ਦੀ ਦਵਾਈ ਸਮੇਂ ਅਨੁਸਾਰ ਖਾਣ ਲਈ ਕਿਹਾ | ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸਿਹਤਮੰਦ ਖ਼ੁਰਾਕ ਜਿਸ ਵਿਚ ਲੂਣ ਦੀ ਮਾਤਰਾ ਘੱਟ ਹੋਵੇ, ਸਿਗਰਟਨੋਸ਼ੀ, ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਤੇ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਆਦਿ ਕਰਨ ਲਈ ਕਿਹਾ |