ਕਪੂਰਥਲਾ, 1 ਸਤੰਬਰ (ਅਮਰਜੀਤ ਕੋਮਲ)-ਜ਼ੋਰਦਾਰ ਬਾਰਿਸ਼ ਦੌਰਾਨ ਸ਼ਹਿਰ ਦੇ ਕਸਾਬਾਂ ਬਾਜ਼ਾਰ ਵਿਚ ਇਕ ਪੁਰਾਣੀ ਇਮਾਰਤ ਡਿੱਗਣ ਤੋਂ ਬਾਅਦ ਨਗਰ ਨਿਗਮ ਨੇ ਸ਼ਹਿਰ ਵਿਚ ਪੈਂਦੀਆਂ 9 ਖਸਤਾ ਹਾਲ ਇਮਾਰਤਾਂ ਜੋ ਰਹਿਣ ਯੋਗ ਹਾਲਤ ਵਿਚ ਨਹੀਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਵਿਚੋਂ 3 ਇਮਾਰਤਾਂ ਦੇ ਮਾਲਕਾਂ ਵਲੋਂ ਨੋਟਿਸ ਪ੍ਰਾਪਤ ਕਰ ਲਏ ਗਏ ਹਨ, ਜਦਕਿ ਬਾਕੀ ਨੋਟਿਸ ਇਨ੍ਹਾਂ ਖਸਤਾ ਹਾਲ ਇਮਾਰਤਾਂ ਦੇ ਬਾਹਰ ਚਿਪਕਾ ਦਿੱਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੇ ਦੱਸਿਆ ਕਿ ਅੱਜ ਬਿਲਡਿੰਗ ਡਿੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਪਰ ਨਗਰ ਨਿਗਮ ਵਲੋਂ ਖਸਤਾ ਹਾਲ ਇਮਾਰਤ ਨੂੰ ਗੰਭੀਰਤਾ ਨਾਲ ਲੈਂਦਿਆਂ ਨੋਟਿਸ ਜਾਰੀ ਕਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਇਸੇ ਦੌਰਾਨ ਹੀ ਨਿਗਮ ਕਮਿਸ਼ਨਰ, ਨਿਗਰਾਨ ਇੰਜੀਨੀਅਰ, ਟਾਊਨ ਪਲੈਨਰ, ਸਬੰਧਿਤ ਨਗਰ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਖਸਤਾ ਹਾਲਤ ਇਮਾਰਤ ਦੀ ਸ਼ਨਾਖ਼ਤ ਕੀਤੀ ਗਈ | ਸ਼ਨਾਖ਼ਤ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੋਕ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਇਮਾਰਤਾਂ ਵਿਚ ਰਿਹਾਇਸ਼ ਨਾ ਰੱਖਣ ਤੇ ਇਮਾਰਤਾਂ ਨੂੰ ਢਾਹੁਣ ਸਬੰਧੀ ਆਪਣੇ ਪੱਧਰ 'ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਰੋਕਿਆ ਜਾ ਸਕੇ | ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜਿਹੜੇ ਵਿਅਕਤੀ ਇਨ੍ਹਾਂ ਖਸਤਾ ਹਾਲਤ ਇਮਾਰਤਾਂ ਵਿਚ ਰਹਿ ਰਹੇ ਹਨ, ਉਹ ਤੁਰੰਤ ਨਗਰ ਨਿਗਮ ਦੇ ਦਫ਼ਤਰ ਦੇ ਪਿਛਲੇ ਪਾਸੇ ਬਣਾਏ ਗਏ ਨਾਈਟ ਸ਼ੈਲਟਰ ਹਾਊਸ ਵਿਚ ਜਾ ਸਕਦੇ ਹਨ | ਕਮਿਸ਼ਨਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਿਗਮ ਵਲੋਂ ਹੈਲਪਲਾਈਨ ਨੰਬਰ 79737-97945 ਜਾਰੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਵਾਟਰ ਬੋਰਨ ਤੇ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ 6 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਰੋਜ਼ਾਨਾ ਪੀਣ ਵਾਲੇ ਪਾਣੀ ਦੇ ਸੈਂਪਲ ਭਰ ਕੇ ਉਨ੍ਹਾਂ ਦੀ ਜਾਂਚ ਕਰਨਗੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਖੇਤਰ ਵਿਚ ਵਾਟਰ ਸਪਲਾਈ ਤੇ ਸੀਵਰੇਜ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਨਿਗਮ ਦੇ ਹੈਲਪਲਾਈਨ ਨੰਬਰ 'ਤੇ ਦਰਜ ਕਰਵਾਈ ਜਾਵੇ ਤਾਂ ਜੋ ਉਸ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾ ਸਕੇ |