ਭੁਲੱਥ, 1 ਸਤੰਬਰ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨਲ ਕਸਬਾ ਭੁਲੱਥ ਦੇ ਮੇਨ ਬਾਜ਼ਾਰ ਵਿਚ ਲਗਾਤਾਰ ਮੀਂਹ ਪੈਣ ਨਾਲ ਇਕ ਬੁਟੀਕ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੀ ਮਾਲਕਣ ਨੇ ਦੱਸਿਆ ਕਿ ਉਨ੍ਹਾਂ ਦੀ ਮੇਨ ਬਾਜ਼ਾਰ ਵਿਚ ਮੁਟਿਆਰ ਬੁਟੀਕ ਨਾਮ ਦੀ ਇੱਕ ਦੁਕਾਨ ਹੈ ਅਤੇ ਉਨ੍ਹਾਂ ਦੀ ਦੁਕਾਨ ਤੇ ਉਨ੍ਹਾਂ ਦੇ ਨਾਲ ਕੁੱਝ ਲੜਕੀਆਂ ਕੰਮ ਕਰਦੀਆਂ ਹਨ | ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਕੇ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲੀਆਂ ਗਈਆਂ | ਕਰੀਬ ਪੰਦਰਾਂ ਮਿੰਟ ਬਾਅਦ ਹੀ ਉਨ੍ਹਾਂ ਨੂੰ ਦੁਕਾਨ ਦੇ ਨਾਲ ਵਾਲੇ ਦੁਕਾਨਦਾਰਾਂ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਦੁਕਾਨ ਦੇ ਅੰਦਰੋਂ ਬਹੁਤ ਜ਼ੋਰ ਦੀ ਆਵਾਜ਼ ਆਈ ਹੈ | ਉਹ ਉਸੇ ਵੇਲੇ ਹੀ ਵਾਪਸ ਆਪਣੇ ਦੁਕਾਨ ਤੇ ਆ ਗਈਆਂ ਅਤੇ ਜਦੋਂ ਉਨ੍ਹਾਂ ਨੇ ਆਪਣੀ ਦੁਕਾਨ ਦਾ ਸ਼ਟਰ ਖ਼ੋਲ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦੀ ਛੱਤ ਡਿੱਗੀ ਹੋਈ ਸੀ | ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੀ ਛੱਤ ਡਿੱਗਣ ਨਾਲ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪ੍ਰੰਤੂ ਮਲਬੇ ਦੇ ਥੱਲੇ ਉਨ੍ਹਾਂ ਦੀ ਦੁਕਾਨ ਦਾ ਕਾਫ਼ੀ ਸਮਾਨ ਆ ਗਿਆ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ |