ਨਡਾਲਾ, 4 ਸਤੰਬਰ (ਰਘਬਿੰਦਰ ਸਿੰਘ)-ਅੱਜ ਇਥੇ ਭੁਲੱਥ ਦੇ ਮੰਡ ਕੂਕਾ ਵਿਖੇ ਕਿਸਾਨਾਂ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਕਿ ਹੁਣ ਖਾਣ ਪੀਣ ਦਾ ਸਮਾਨ ਬਹੁਤ ਹੈ ਸੇਵਾ ਦੇ ਪੈਸੇ ਸਾਂਭ ਕੇ ਰੱਖੋ | ਇਨ੍ਹਾਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ 'ਤੇ ਤੁਹਾਡੀ ਫਿਰ ਲੋੜ ਪੈਣੀ ਹੈ | ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਜਨਰਲ ਸਕੱਤਰ ਨਿਰਮਲ ਸਿੰਘ ਮੰਡ ਤੇ ਨਡਾਲਾ ਤੋਂ ਮਨਪ੍ਰੀਤ ਸਿੰਘ ਵਾਲੀਆ ਨੇ ਕਿਹਾ ਕਿ ਕਿਤੇ ਅਸੀਂ ਲੰਗਰਾਂ ਤੱਕ ਹੀ ਸੀਮਤ ਹੋ ਕੇ ਨਾ ਰਹਿ ਜਾਈਏ, ਕਿਉਂਕਿ ਮੰਡ ਵਿਚ ਪਾਣੀ ਦੀ ਦੋਹਰੀ ਮਾਰ ਨਾਲ ਲੋਕਾਂ ਦੇ ਘਰ ਵੀ ਢਹਿ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕਈਆਂ ਦੇ ਘਰਾਂ ਦੀਆਂ ਛੱਤਾਂ ਡਿਗ ਚੁੱਕੀਆਂ ਹਨ ਤੇ ਸਮਾਨ ਖ਼ਰਾਬ ਹੋ ਚੁੱਕਾ ਹੈ | ਇੱਥੇ ਜਿਹੜੀ ਹੁਣ ਸੇਵਾ ਆ ਰਹੀ ਹੈ ਬਹੁਤ ਸਮਾਨ ਆ ਰਿਹਾ ਹੈ, ਪਰ ਜਦੋਂ ਪਾਣੀ ਸੁੱਕਣ 'ਤੇ ਇਹ ਮੁੜ ਵਸੇਬਾ ਕਰਨਗੇ ਤਾਂ ਉਸ ਸਮੇਂ ਸਾਨੂੰ ਇਨ੍ਹਾਂ ਦੇ ਨਾਲ ਖੜਨ ਦੀ ਲੋੜ ਹੈ | ਉਹ ਘਰ ਅਸੀਂ ਰਿਪੇਅਰ ਕਰਕੇ ਦੇਣੇ ਹਨ ਜੋ ਕਿ ਤੁਹਾਡੇ ਹੀ ਸਹਿਯੋਗ ਨਾਲ ਸੰਭਵ ਹੋਣਗੇ | ਅਸੀਂ ਪ੍ਰਵਾਸੀ ਭਾਰਤੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਸੇਵਾ ਨੂੰ ਸਾਂਭ ਕੇ ਰੱਖੋ ਤੇ ਜਦੋਂ ਇਹ ਲੋਕ ਘਰਾਂ ਵਿਚ ਵਾਪਸ ਜਾਣਗੇ ਤਾਂ ਤੁਸੀਂ ਇਨ੍ਹਾਂ ਦੇ ਘਰ-ਘਰ ਜਾ ਕੇ ਮਦਦ ਕਰਕੇ ਆਇਓ ਤੇ ਜਿਹੜਾ ਹੁਣ ਰਾਹਤ ਸਮੱਗਰੀ ਆ ਰਹੀ ਹੈ ਉਸ ਦਾ ਦੂਜੇ ਲੋਕ ਵੀ ਫ਼ਾਇਦਾ ਲਈ ਜਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹੈ, ਪਰ ਅਸਲੀ ਹੱਕਦਾਰ ਵਿਚ ਪਾਣੀ ਦੇ ਬੈਠੇ ਹਨ ਹੁਣ ਇੱਥੇ ਸੇਵਾ ਬਹੁਤ ਆ ਰਹੀ ਹੈ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਹੈ ਅਸੀਂ ਇੱਕ ਮਹੀਨੇ ਤੱਕ ਲੰਗਰ ਚਲਾ ਸਕਦੇ ਹਾਂ | ਇਸ ਮੌਕੇ ਮਨਪ੍ਰੀਤ ਸਿੰਘ ਵਾਲੀਆ, ਪਰਮਜੀਤ ਸਿੰਘ ਕੰਗ, ਜਸਪ੍ਰੀਤ ਸਿੰਘ ਗੁਰਾਇਆ, ਇੰਦਰਜੀਤ ਸਿੰਘ ਖੱਖ, ਹਰਜਿੰਦਰ ਸਿੰਘ ਸਾਹੀ, ਅਵਤਾਰ ਸਿੰਘ ਦਾਊਦਪੁਰ, ਬਲਵਿੰਦਰ ਸਿੰਘ ਬਿੱਟੂ ਖੱਖ, ਜੱਗੀ ਖੱਖ, ਸੁੱਖਾ ਖੱਖ ਅਤੇ ਹੋਰ ਹਾਜ਼ਰ ਸਨ |