ਕਪੂਰਥਲਾ, 4 ਸਤੰਬਰ (ਅਮਰਜੀਤ ਕੋਮਲ)-ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਪੂਰਥਲਾ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਵਿਚ ਨਿਸ਼ਚਿਤ ਸਮੇਂ ਤੋਂ ਚਾਰ ਘੰਟੇ ਬਾਅਦ ਰਾਤ 8:10 ਮਿੰਟ 'ਤੇ ਪੁੱਜੇ | ਮੌਕੇ 'ਤੇ ਹਾਜ਼ਰ ਵੱਡੀ ਗਿਣਤੀ ਵਿਚ ਪਿੰਡ ਬਾਘੂਵਾਲ ਤੇ ਕੰਮੇਵਾਲ ਦੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ | ਕੇਂਦਰੀ ਖੇਤੀਬਾੜੀ ਮੰਤਰੀ ਨੇ ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ 'ਤੇ ਪਿਛਲੇ ਕਈ ਦਿਨਾਂ ਤੋਂ ਤੰਬੂਆਂ ਵਿਚ ਆਪਣੇ ਪਰਿਵਾਰਾਂ ਸਮੇਤ ਬੈਠੇ ਦੋਵਾਂ ਪਿੰਡਾਂ ਦੇ ਲੋਕਾਂ ਦੇ ਹੌਂਸਲੇ ਦੀ ਦਾਦ ਦਿੱਤੀ ਜਿਨ੍ਹਾਂ ਨੇ ਸੰਕਟ ਦੇ ਸਮੇਂ ਆਪਣੇ ਹੌਂਸਲੇ ਬੁਲੰਦ ਰੱਖੇ ਹਨ | ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਹਰ ਪ੍ਰਭਾਵਿਤ ਪਿੰਡ ਬਾਘੂਵਾਲ ਵਿਚ ਟਰੈਕਟਰ 'ਤੇ ਬਿਠਾ ਕੇ ਲਿਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਇਸ ਮੰਤਵ ਲਈ ਚਾਰ ਟਰੈਕਟਰ ਤਿਆਰ ਰੱਖੇ ਗਏ ਸਨ ਪਰੰਤੂ ਖੇਤੀਬਾੜੀ ਮੰਤਰੀ ਦੇ ਰਾਤ ਦੇ ਸਮੇਂ ਪੁੱਜਣ ਕਾਰਨ ਉਹ ਹੜ੍ਹ ਪ੍ਰਭਾਵਿਤ ਖੇਤਰ ਨਹੀਂ ਦੇਖ ਸਕੇ | ਸ਼ਿਵਰਾਜ ਸਿੰਘ ਚੌਹਾਨ ਦੇ ਦੌਰੇ ਨੂੰ ਮੁੱਖ ਰੱਖਦਿਆਂ ਪਾਵਰਕਾਮ ਵਲੋਂ ਬਿਜਲੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਜਦੋਂ ਕੇਂਦਰੀ ਰਾਜ ਮੰਤਰੀ ਪਿੰਡ ਬਾਘੂਵਾਲ ਦੇ ਵਾਸੀ ਜੋਗਿੰਦਰ ਸਿੰਘ ਦੇ ਘਰ ਗਏ ਤਾਂ ਉਨ੍ਹਾਂ ਪਰਿਵਾਰ ਦਾ ਹਾਲ ਚਾਲ ਪੁੱਛਿਆ | ਇਸ ਮੌਕੇ ਰੌਸ਼ਨੀ ਦੀ ਵਿਵਸਥਾ ਟਰੈਕਟਰਾਂ ਦੀ ਲਾਈਟਾਂ ਨਾਲ ਕੀਤੀ ਗਈ | ਇਸ ਮੌਕੇ ਪਿੰਡ ਬਾਘੂਵਾਲ ਦੇ ਹੜ੍ਹ ਪ੍ਰਭਾਵਿਤ ਲੋਕਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਵੀ ਸ਼ਿਵਰਾਜ ਸਿੰਘ ਚੌਹਾਨ ਨੂੰ ਮੰਗ ਪੱਤਰ ਦਿੱਤਾ | ਆਪਣੇ ਦੌਰੇ ਦੌਰਾਨ ਪਿੰਡ ਦੀਆਂ ਔਰਤਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ 9 ਵਜੇ ਤੋਂ ਬਾਅਦ ਉਹ ਅਗਲੇ ਪੜਾਅ ਲਈ ਰਵਾਨਾ ਹੋ ਗਏ |