ਸੁਲਤਾਨਪੁਰ ਲੋਧੀ, 4 ਸਤੰਬਰ (ਨਰੇਸ਼ ਹੈਪੀ)-ਜ਼ਿਲ੍ਹਾ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਬਹੁਤੇ ਪਿੰਡਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ | ਜ਼ਿਲੇ੍ਹ ਅੰਦਰ ਚਾਰ ਰਾਹਤ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਹਨ, ਜਦਕਿ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕਟੇਅਰ ਚ ਲੱਗੀਆਂ ਫ਼ਸਲਾਂ ਬਰਬਾਦ ਹਨ | ਜੇਕਰ ਗੱਲ ਕੀਤੀ ਜਾਵੇ ਸੁਲਤਾਨਪੁਰ ਲੋਧੀ ਹਲਕੇ ਦੇ ਆਖ਼ਰੀ ਪਿੰਡ ਮੰਡ ਇੰਦਰਪੁਰ ਦੀ ਤਾਂ ਉਹ ਵੀ ਪਹਿਲਾ ਬਿਆਸ ਦੀ ਮਾਰ ਝੱਲਦਾ ਰਿਹਾ ਤੇ ਹੁਣ ਸਤਲੁਜ ਦਰਿਆ ਦੀ ਮਾਰ ਹੇਠ ਆ ਗਿਆ ਹੈ | ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾ 2023 ਵਿਚ ਵੀ ਸਾਨੂੰ ਦੋਵਾਂ ਦਰਿਆਵਾਂ ਦੀ ਮਾਰ ਪਈ ਸੀ ਅਤੇ ਹੁਣ ਵੀ ਪਹਿਲਾਂ ਬਿਆਸ ਦਰਿਆ ਚ ਪਾਣੀ ਦਾ ਪੱਧਰ ਵਧਣ ਕਾਰਨ ਸਾਡੇ ਪਿੰਡ ਦੀ 3000 ਏਕੜ ਦੇ ਕਰੀਬ ਫ਼ਸਲ ਖ਼ਰਾਬ ਹੋ ਗਈ ਅਤੇ ਇਸ ਤੋਂ ਬਾਅਦ ਹੁਣ ਸਤਲੁਜ ਦਰਿਆ ਵੀ ਸਾਡੇ ਲਈ ਕਹਿਰ ਬਣ ਕੇ ਆਇਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਮੰਨੂ ਮਾਛੀ ਨਜ਼ਦੀਕ ਟੁੱਟੇ ਆਰਜ਼ੀ ਬੰਨ੍ਹ ਦੇ ਕਾਰਨ ਸਾਡੇ ਪਿੰਡ ਵਿਚ 4-4 ਫੁੱਟ ਪਾਣੀ ਭਰ ਗਿਆ ਹੈ ਅਤੇ ਸਾਡੀਆਂ ਫ਼ਸਲਾਂ ਵੀ ਬਰਬਾਦ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅਜੇ ਤੱਕ ਸਾਨੂੰ ਕੋਈ ਵੀ ਬਣਦੀ ਯੋਗ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾ ਨੇ ਸਾਡੀ ਬਾਂਹ ਫੜੀ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਬਣਦੀ ਰਾਹਤ ਸਮਗਰੀ ਪ੍ਰਦਾਨ ਕੀਤੀ ਜਾਵੇ ਜਿਵੇਂ ਕਿ ਕਿਸ਼ਤੀਆਂ, ਮੱਛਰਦਾਨੀਆਂ, ਤਰਪਾਲਾਂ ਅਤੇ ਪਸ਼ੂਆਂ ਦਾ ਚਾਰਾ ਆਦਿ ਦਿੱਤਾ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਖ਼ਰਾਬ ਹੋਈ ਫ਼ਸਲ ਦਾ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਵੀ ਦਿੱਤਾ ਜਾਵੇ | ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ ਅਤੇ ਜੇਕਰ ਉਨ੍ਹਾਂ ਦੀ ਫ਼ੀਸ ਲੇਟ ਹੁੰਦੀ ਹੈ ਤਾਂ ਸਕੂਲ ਪ੍ਰਬੰਧਕ ਸਾਡੇ ਬੱਚਿਆਂ ਨੂੰ ਸਕੂਲ ਵਿਚੋਂ ਕੱਢਣ ਦੀਆਂ ਧਮਕੀਆਂ ਵੀ ਦਿੰਦੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਬੱਚਿਆਂ ਦੀਆਂ ਫ਼ੀਸਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਜਿਹੜੇ ਸਕੂਲ ਬੱਚਿਆਂ ਨੂੰ ਸਕੂਲ ਵਿਚੋਂ ਕੱਢਣ ਦੀ ਧਮਕੀਆਂ ਦਿੰਦੇ ਹਨ | ਉਨ੍ਹਾਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ |