ਸੁਲਤਾਨਪੁਰ ਲੋਧੀ, 21 ਸਤੰਬਰ (ਥਿੰਦ)-ਅਧਿਆਪਕਾਂ ਦੇ ਹੱਕਾਂ ਲਈ ਲੜਨ ਵਾਲੀ ਪੰਜਾਬ ਦੀ ਸਭ ਤੋਂ ਪੁਰਾਣੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਜ਼ਿਲ੍ਹੇ ਅੰਦਰ ਹੜ੍ਹਾਂ ਨਾਲ ਪ੍ਰਭਾਵਿਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੈਗ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੇ ਨਿਰਦੇਸ਼ਾਂ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਦਿੱਤੇ ਆਰਥਿਕ ਸਹਿਯੋਗ ਸਦਕਾ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ 50 ਹਜ਼ਾਰ ਰੁਪਏ ਦੀ ਲਾਗਤ ਨਾਲ ਖ਼ਰੀਦੇ ਗਏ ਬੈਗ ਅਤੇ ਹੋਰ ਸਾਮਾਨ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸਕੂਲਾਂ ਦੀਆਂ ਲੋੜਾਂ ਮੁਤਾਬਿਕ ਜੇਕਰ ਹੋਰ ਸਮਾਨ ਦੀ ਲੋੜ ਹੋਈ ਤਾਂ ਪ੍ਰਭਾਵਿਤ ਸਕੂਲਾਂ ਨੂੰ ਉਹ ਵੀ ਦਿੱਤਾ ਜਾਵੇਗਾ | ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਕੂਲ, ਜਿਨ੍ਹਾਂ ਵਿਚ ਬਾਊਪੁਰ, ਚਿਰਾਗ ਵਾਲਾ ਆਦਿ ਵਿਚ ਯੂਨੀਅਨ ਵੱਲੋਂ ਮੁਕੰਮਲ ਤੌਰ ਤੇ ਸਫ਼ਾਈ ਕਰਵਾਈ ਗਈ ਹੈ | ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਦੇ ਪੁਲ ਤੋਂ 8 ਕਿੱਲੋਮੀਟਰ ਲੰਬੇ ਆਰਜ਼ੀ ਬੰਨ ਉੱਪਰ ਵੀ ਚੱਲ ਰਹੀ ਸੇਵਾ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਦੇ ਆਗੂਆਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ, ਜਿਸ ਦੇ ਸਦਕੇ ਪੰਜ ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਦਾ ਬਚਾਅ ਹੋਇਆ ਹੈ | ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਚਿਰਾਗਵਾਲਾ ਅਤੇ ਕੰਮੇ ਵਾਲਾ ਵਿਚ 150 ਦੇ ਕਰੀਬ ਵਿਦਿਆਰਥੀਆਂ ਨੂੰ ਨਵੇਂ ਬੈਗ ਵੰਡੇ ਗਏ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡ ਵਾਸੀਆਂ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨੇ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਬਾਕੀ ਸਕੂਲਾਂ ਵਿਚ ਵੀ ਬੈਗ ਅਤੇ ਹੋਰ ਲੋੜੀਂਦਾ ਸਮਾਨ ਜਲਦ ਪਹੁੰਚਾਇਆ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ, ਕੰਵਰਦੀਪ ਸਿੰਘ ਕੇ.ਡੀ, ਮੀਤ ਪ੍ਰਧਾਨ ਪ੍ਰਦੀਪ ਸਿੰਘ ਘੁੰਮਾਣ, ਸੀਨੀਅਰ ਆਗੂ ਤਰਮਿੰਦਰ ਸਿੰਘ ਮੱਲ੍ਹੀ, ਜਗਮੋਹਨ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਰੇਸ਼ਮ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ ਆਦਿ ਹਾਜ਼ਰ ਸਨ |