ਫਗਵਾੜਾ, 21 ਸਤੰਬਰ (ਹਰਜੋਤ ਸਿੰਘ ਚਾਨਾ)-ਪਿੰਡ ਰਾਮਪੁਰ ਸੁੰਨੜਾ 'ਚ ਇਕ ਛੇ ਸਾਲਾ ਬੱਚੇ ਨਾਲ 15 ਸਾਲ ਦੇ ਬੱਚੇ ਵਲੋਂ ਕਥਿਤ ਤੌਰ 'ਤੇ ਹੋਈ ਬਦਫ਼ੈਲੀ ਦੇ ਮਾਮਲੇ 'ਚ ਕੇਸ ਦਰਜ ਕਰਨ ਦੀ ਥਾਂ ਇਸ ਦਾ ਨਿਬੇੜਾ ਸਤਨਾਮਪੁਰਾ ਪੁਲਿਸ ਨੇ ਧੱਕੇ ਨਾਲ ਕਰ ਦਿੱਤਾ ਹੈ, ਜਿਸ ਤੋਂ ਪੀੜਤ ਪਰਿਵਾਰ ਸਖ਼ਤ ਪ੍ਰੇਸ਼ਾਨ ਹੈ ਤੇ ਉਨ੍ਹਾਂ ਪੰਜਾਬ ਦੇ ਡੀ.ਜੀ.ਪੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨਸਾਫ਼ ਕੀਤਾ ਜਾਵੇ | ਪੀੜਤ ਬੱਚੇ ਦੀ ਮਾਤਾ ਰੇਸ਼ਮ ਕੌਰ ਨੇ ਇਹ ਦੋਸ਼ ਲਗਾਉਂਦੇ ਹੋਏ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਉਸ ਦੇ ਬੱਚੇ ਨਾਲ ਪਿੰਡ ਦੇ ਹੀ ਇਕ 15 ਸਾਲਾ ਬੱਚੇ ਨੇ ਪਿੰਡ ਦੇ ਜਿੰਮ 'ਚ ਲਿਜਾ ਕੇ ਬਦਫ਼ੈਲੀ ਕੀਤੀ ਸੀ ਜਿਸ ਦੀ ਸ਼ਿਕਾਇਤ ਮੈਂ ਸਰਪੰਚ ਤੇ ਸੰਬੰਧਿਤ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ ਜਿਨ੍ਹਾਂ ਨੇ ਰਾਤ ਵੇਲੇ ਇਕੱਠੇ ਹੋ ਕੇ ਮੇਰੇ ਘਰ 'ਤੇ ਹਮਲਾ ਕੀਤਾ | ਇਸ ਸਬੰਧੀ ਪੁਲਿਸ ਨੇ ਸਾਨੂੰ ਇਨਸਾਫ਼ ਦੇਣਾ ਜਾਇਜ਼ ਨਹੀਂ ਸਮਝਿਆ | ਸਤਨਾਮਪੁਰਾ ਪੁਲਿਸ ਨੇ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਸਾਨੂੰ ਦਬਕਾ ਕੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਬਰੀ ਸ਼ਿਕਾਇਤ ਦਾ ਨਿਬੇੜਾ ਕਰ ਦਿੱਤਾ ਜਿਸ ਤੋਂ ਪੀੜਤ ਪਰਿਵਾਰ ਪ੍ਰੇਸ਼ਾਨ ਹਨ | ਅਨੂੰ ਸਹੋਤਾ ਵਲੋਂ ਪਰਿਵਾਰ ਨਾਲ ਕੀਤੀ ਗਈ ਪ੍ਰੈੱਸ ਕਾਨਫ਼ਰੰਸ 'ਚ ਉਨ੍ਹਾਂ ਦੋਸ਼ ਲਗਾਏ | ਉਕਤ ਲੜਕੇ ਦਾ ਅੱਜ ਹਸਪਤਾਲ 'ਚ ਮੈਡੀਕਲ ਵੀ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਤੇ ਇਸ 'ਚ ਕੁੱਝ ਸਿਆਸੀ ਆਗੂਆਂ ਦੀ ਸ਼ਹਿ ਵੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸੁਣਵਾਈ ਨਾ ਕੀਤੀ ਤਾਂ ਐਸ.ਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਜਬਰੀ ਫ਼ੈਸਲਾ ਕਰਵਾਉਣ ਵਾਲੇ ਥਾਣੇਦਾਰ ਨੂੰ ਸਸਪੈਂਡ ਕਰਨ ਦੀ ਮੰਗ ਵੀ ਕੀਤੀ | ਇਸ ਸਬੰਧੀ ਜਦੋਂ ਪੱਖ ਲੈਣ ਲਈ ਐਸ.ਪੀ. ਤੇ ਡੀ.ਐਸ.ਪੀ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਇਸ ਸਬੰਧੀ ਐਸ.ਐਚ.ਓ ਸਤਨਾਮਪੁਰਾ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮੋਹਤਬਰ ਵਿਅਕਤੀਆਂ ਨੇ ਕਰਵਾਇਆ ਹੈ ਇਸ 'ਚ ਪੁਲੀਸ ਦਾ ਕੋਈ ਰੋਲ ਨਹੀਂ ਹੈ |