ਤਲਵੰਡੀ ਚੌਧਰੀਆਂ, 21 ਸਤੰਬਰ (ਪਰਸਨ ਲਾਲ ਭੋਲਾ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕੀਤੀ ਗਈ ਹੈ | ਸਿਆਣੇ ਕਿਸਾਨ ਨਮੀ ਵਾਲਾ ਝੋਨਾ ਖ਼ਰੀਦ ਕੇਂਦਰ ਨਹੀਂ ਲਿਆਉਂਦੇ, ਕਿਉਂਕਿ ਮੰਡੀ ਵਿਚ ਵੀ ਲਿਆਂਦੇ ਝੋਨੇ ਨੂੰ ਸੁਕਾਉਣਾ ਪੈਂਦਾ ਹੈ | ਇਹੀ ਕਾਰਨ ਹੈ ਕਿ ਪੇਂਡੂ ਖੇਤਰ ਦੇ ਖ਼ਰੀਦ ਕੇਂਦਰ ਮੈਰੀਪੁਰ, ਕਮਾਲਪੁਰ, ਕਬੀਰਪੁਰ, ਡਡਵਿੰਡੀ ਤੇ ਭਰੋਆਣਾ ਵਿਚ ਝੋਨੇ ਦੀ ਆਮਦ ਦੀ ਅਜੇ ਤੱਕ ਨਹੀਂ ਹੋਈ | ਉਪਰੋਕਤ ਖ਼ਰੀਦ ਕੇਂਦਰਾਂ ਦੇ ਮੰਡੀ ਸੁਪਰਵਾਈਜ਼ਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਕਿਸਾਨਾਂ ਦੀ ਸਿਆਣਪ ਹੈ, ਕਿਉਂਕਿ ਗਿੱਲਾ ਝੋਨਾ ਵੀ ਮੰਡੀ ਵਿਚ ਲਿਆ ਕੇ ਪੰਜ ਚਾਰ ਦਿਨ ਸੁਕਾਉਣਾ ਪੈਂਦਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਨੂੰ ਸੁਕਾ ਕੇ ਹੀ ਮੰਡੀ ਲਿਆਂਦਾ ਜਾਵੇ | ਖ਼ਰੀਦ ਕੇਂਦਰ ਤਲਵੰਡੀ ਚੌਧਰੀਆਂ, ਪਰਮਜੀਤਪੁਰ ਤੇ ਟਿੱਬਾ ਵਿਖੇ ਅੱਜ ਛੇਵੇਂ ਦਿਨ ਖ਼ਰੀਦ ਏਜੰਸੀਆਂ ਵਲੋਂ ਪਹਿਲੀ ਝੋਨੇ ਦੀ ਖ਼ਰੀਦ ਕੀਤੀ ਗਈ | ਮੰਡੀ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵਿਚ 5 ਹਜ਼ਾਰ ਕੱਟੇ, ਪਰਮਜੀਤਪੁਰ ਵਿਖੇ 5500 ਕੱਟਾ ਅਤੇ ਟਿੱਬਾ ਮੰਡੀ ਵਿਚ 4000 ਦੇ ਲਗਭਗ ਕੱਟੇ ਦੀ ਖ਼ਰੀਦ ਕੀਤੀ ਗਈ | ਮੰਡੀ ਸੁਪਰਵਾਈਜ਼ਰ ਪ੍ਰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਝੋਨਾ ਭਾਵੇਂ ਚਾਰ ਪੰਜ ਦਿਨ ਪਹਿਲਾਂ ਆ ਚੁੱਕਾ ਸੀ, ਪਰ ਗਿੱਲਾ ਹੋਣ ਕਰਕੇ ਏਜੰਸੀਆਂ ਵੱਲੋਂ ਇਸ ਗਿੱਲੇ ਝੋਨੇ ਦੀ ਖ਼ਰੀਦ ਨਹੀਂ ਸੀ ਕੀਤੀ | ਸਰਕਾਰ ਦੀਆਂ ਸ਼ਰਤਾਂ ਅਨੁਸਾਰ ਸੁੱਕੇ ਝੋਨੇ ਦੀ ਅੱਜ ਛੇਵੇਂ ਦਿਨ ਪਹਿਲੀ ਖ਼ਰੀਦ ਕੀਤੀ ਗਈ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਮੰਡੀ ਵਿਚ ਝੋਨਾ ਸੁਕਾ ਕੇ ਹੀ ਲਿਆਂਦਾ ਜਾਵੇ ਤਾਂ ਜੋ ਜਿੱਥੇ ਤੁਹਾਡੀ ਪਰੇਸ਼ਾਨੀ ਘਟੇਗੀ ਉੱਥੇ ਆੜ੍ਹਤੀਆਂ ਦੀ ਵੀ ਸਿਰਦਰਦੀ ਵੀ ਘਟੇਗੀ |